ਹੈਮਿਲਟਨ–ਕਪਤਾਨ ਬੇਨ ਸਟੋਕਸ ਹੈਮਸਟ੍ਰਿੰਗ ਸੱਟ ਕਾਰਨ ਮੰਗਲਵਾਰ ਨੂੰ ਬੱਲੇਬਾਜ਼ੀ ਨਹੀਂ ਕਰ ਸਕਿਆ ਅਤੇ ਨਿਊਜ਼ੀਲੈਂਡ ਨੂੰ ਇੰਗਲੈਂਡ ਵਿਰੁੱਧ ਤੀਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਚਾਹ ਦੀ ਬ੍ਰੇਕ ਤੋਂ ਪਹਿਲਾਂ ਹੀ 423 ਦੌੜਾਂ ਨਾਲ ਹਾਰ ਝੱਲਣੀ ਪਈ। ਸਟੋਕਸ ਨੂੰ ਤੀਜੇ ਦਿਨ ਹੀ ਗੇਂਦਬਾਜ਼ੀ ਦੌਰਾਨ ਖੱਬੀ ਲੱਤ ਵਿਚ ਹੈਮਸਟ੍ਰਿੰਗ ਸੱਟ ਲੱਗੀ ਸੀ ਤੇ ਉਹ ਫੀਲਡਿੰਗ ਵੀ ਨਹੀਂ ਸਕਿਆ। ਜਿੱਤ ਲਈ 658 ਦੌੜਾਂ ਦੇ ਮੁਸ਼ਕਿਲ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 234 ਦੌੜਾਂ ’ਤੇ ਆਊਟ ਹੋ ਗਈ।
ਨਿਊਜ਼ੀਲੈਂਡ ਨੇ ਦੌੜਾਂ ਦੇ ਫਰਕ ਨਾਲ ਸਭ ਤੋਂ ਵੱਡੀ ਜਿੱਤ ਦੀ ਬਰਾਬਰੀ ਕੀਤੀ ਤੇ ਇੰਗਲੈਂਡ ਨੇ ਪਹਿਲਾ ਟੈਸਟ 8 ਵਿਕਟਾਂ ਨਾਲ ਤੇ ਦੂਜਾ 323 ਦੌੜਾਂ ਨਾਲ ਜਿੱਤਿਆ ਸੀ। ਪਹਿਲੀ ਪਾਰੀ ਵਿਚ 204 ਦੌੜਾਂ ਦੀ ਬੜ੍ਹਤ ਲੈਣ ਵਾਲੀ ਨਿਊਜ਼ੀਲੈਂਡ ਟੀਮ ਨੇ ਦੂਜੀ ਪਾਰੀ ਵਿਚ 453 ਦੌੜਾਂ ਬਣਾਈਆਂ। ਤੀਜੀ ਵਿਕਟ ਲਈ ਜੋ ਰੂਟ (54) ਤੇ ਜੈਕਬ ਬੈਥੇਲ (76) ਨੇ 104 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਇਕ ਸਮੇਂ ਲੱਗ ਵੀ ਰਿਹਾ ਸੀ ਕਿ ਦੋਵੇਂ ਟਿਕ ਕੇ ਮੈਚ ਨੂੰ ਡਰਾਅ ਵੱਲ ਲੈ ਜਾਣਗੇ ਪਰ ‘ਬੈਜ਼ਬਾਲ’ (ਹਮਲਾਵਰ ਕ੍ਰਿਕਟ) ਦੇ ਇੰਗਲੈਂਡ ਕ੍ਰਿਕਟ ਦੇ ਦੌਰ ਵਿਚ ਟਿਕ ਕੇ ਰੱਖਿਆਤਮਕ ਖੇਡਣ ਦੀ ਰਣਨੀਤੀ ਸ਼ਾਮਲ ਨਹੀਂ ਹੈ। ਗਸ ਐਟਕਿੰਸਨ 43 ਤੇ ਓਲੀ ਪੋਪ 17 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ ਤੇ ਨਿਊਜ਼ੀਲੈਂਡ ਦੀ ਜਿੱਤ ’ਤੇ ਮੋਹਰ ਲੱਗ ਗਈ। ਹੈਰੀ ਬਰੂਕ ਨੂੰ ਪਹਿਲੇ ਦੋ ਟੈਸਟਾਂ ਵਿਚ ਸੈਂਕੜੇ ਲਾਉਣ ਕਾਰਨ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ।