ਜਲੰਧਰਪੰਜਾਬ ’ਚ 4 ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਬਰਨਾਲਾ ਨੂੰ ਲੈ ਕੇ ਹੁਣ ਅਗਲੇ 2 ਹਫ਼ਤੇ ਬੇਹੱਦ ਅਹਿਮ ਰਹਿਣ ਵਾਲੇ ਹਨ। ਕੇਂਦਰੀ ਚੋਣ ਕਮਿਸ਼ਨ ਨੇ 4 ਸੀਟਾਂ ਲਈ ਉਪ-ਚੋਣਾਂ 13 ਨਵੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਉਪ-ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਹੁਣ ਉਪ-ਚੋਣਾਂ ’ਚ 2 ਹਫ਼ਤਿਆਂ ਤੋਂ ਘੱਟ ਦਾ ਸਮਾਂ ਬਚਿਆ ਹੈ ਅਤੇ ਅਜਿਹੀ ਸਥਿਤੀ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਹੁਤ ਜ਼ੋਰ ਲਾਉਣਾ ਪਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਉਪ-ਚੋਣਾਂ ਲਈ ਆਪਣੀਆਂ ਚੋਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਹੁਣ ਤੱਕ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ’ਚ ਰੈਲੀਆਂ ਕਰ ਚੁੱਕੇ ਹਨ। ਹੁਣ ਮੁੱਖ ਮੰਤਰੀ ਵੱਲੋਂ ਬਰਨਾਲਾ ਅਤੇ ਗਿੱਦੜਬਾਹਾ ’ਚ ਵੀ ਚੋਣ ਰੈਲੀਆਂ ਕੀਤੀਆਂ ਜਾਣਗੀਆਂ। ਆਮ ਆਦਮੀ ਪਾਰਟੀ ਲਈ ਉਪ-ਚੋਣਾਂ ਕਾਫ਼ੀ ਅਹਿਮ ਹਨ, ਕਿਉਂਕਿ ਇਸ ਤੋਂ ਬਾਅਦ ਆਉਣ ਵਾਲੇ ਸਮੇਂ ’ਚ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਹਨ। ਜੇ ਆਮ ਆਦਮੀ ਪਾਰਟੀ ਸਾਰੀਆਂ ਚਾਰ ਸੀਟਾਂ ਨੂੰ ਜਿੱਤਦੀ ਹੈ, ਤਾਂ ਉਸ ਸਥਿਤੀ ’ਚ ਨਗਰ ਨਿਗਮਾਂ ਦੀਆਂ ਚੋਣਾਂ ਸਰਕਾਰ ਵੱਲੋਂ ਛੇਤੀ ਕਰਵਾ ਦਿੱਤੀਆਂ ਜਾਣਗੀਆਂ।
ਜੇ ਚੋਣ ਨਤੀਜਿਆਂ ’ਚ ਕੁਝ ਫਰਕ ਰਹਿੰਦਾ ਹੈ ਤਾਂ ਉਸ ਸਥਿਤੀ ’ਚ ਨਗਰ ਨਿਗਮ ਚੋਣਾਂ ਕਰਵਾਉਣ ਬਾਰੇ ਸਰਕਾਰ ਵੱਲੋਂ ਮੁੜਵਿਚਾਰ ਕੀਤਾ ਜਾ ਸਕਦਾ ਹੈ। ਪਿਛਲੇ 2 ਸਾਲਾਂ ਤੋਂ ਨਗਰ ਨਿਗਮਾਂ ਦੀਆਂ ਚੋਣਾਂ ਕਿਸੇ ਨਾ ਕਿਸੇ ਕਾਰਨ ਟਲਦੀਆਂ ਆ ਰਹੀਆਂ ਹਨ। ਹੁਣ ਹਾਈ ਕੋਰਟ ਨੇ ਤਾਂ ਦਸੰਬਰ ਮਹੀਨੇ ਦੇ ਅੰਤ ਤੱਕ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹੋਏ ਹਨ। ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਉਪ-ਚੋਣਾਂ ਦੇ ਨਤੀਜੇ ਹੀ ਨਗਰ-ਨਿਗਮਾਂ ਦੀਆਂ ਚੋਣਾਂ ਦੀ ਦਿਸ਼ਾ ਤੈਅ ਕਰਨਗੇ। ਪੰਚਾਇਤੀ ਚੋਣਾਂ ਤਾਂ ਸਰਕਾਰ ਪਹਿਲਾਂ ਹੀ ਕਰਵਾ ਚੁੱਕੀ ਹੈ। ਅਜੇ ਤੱਕ ਨਗਰ ਨਿਗਮਾਂ ’ਚ ਹੇਠਲੇ ਪੱਧਰ ਤੱਕ ਲੋਕ ਨੁਮਾਇੰਦਿਆਂ ਨੂੰ ਸ਼ਕਤੀਆਂ ਦਾ ਤਬਾਦਲਾ ਨਹੀਂ ਹੋਇਆ ਹੈ। ਚਾਰਾਂ ਵਿਧਾਨ ਸਭਾ ਸੀਟਾਂ ’ਚ ਕੁੱਲ ਵੋਟਰਾਂ ਦੀ ਗਿਣਤੀ 6,96316 ਹੈ। ਸੂਬੇ ’ਚ ਚੋਣ ਕਮਿਸ਼ਨ ਨੇ ਚਾਰਾਂ ਸੀਟਾਂ ’ਤੇ 831 ਪੋਲਿੰਗ ਕੇਂਦਰ ਸਥਾਪਤ ਕੀਤੇ ਹਨ।