ਚੰਡੀਗੜ੍ਹ : ਪੰਜਾਬ ‘ਚ ਅੱਜ ਸਵੇਰ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਪਾਣੀ ਭਰ ਗਿਆ ਹੈ ਅਤੇ ਹਾਲਾਤ ਮੁਸ਼ਕਲ ਬਣੇ ਹੋਏ ਹਨ। ਮੌਸਮ ਵਿਭਾਗ ਵਲੋਂ ਅਗਲੇ 3 ਘੰਟਿਆਂ ਲਈ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਤਰਨਤਾਰਨ ਜ਼ਿਲ੍ਹਿਆਂ ‘ਚ ਤੇਜ਼ ਤੂਫ਼ਾਨ ਅਤੇ ਬਿਜਲੀ ਗਰਜਣ ਸਣੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਅਤੇ ਜੇਕਰ ਕਈ ਐਮਰਜੈਂਸੀ ਵਾਲੇ ਹਾਲਾਤ ਪੈਦਾ ਹੁੰਦੇ ਹਨ ਤਾਂ ਲੋਕਾਂ ਨੂੰ ਤੁਰੰਤ 112 ਨੰਬਰ ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ। ਖ਼ਾਸ ਕਰਕੇ ਹੇਠਲੇ ਇਲਾਕਿਆਂ ‘ਚ ਪਾਣੀ ਭਰਨ ਕਾਰਨ ਖ਼ਤਰਾ ਵੱਧ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁੱਝ ਦਿਨਾਂ ਤੱਕ ਪੰਜਾਬ ‘ਚ ਰੁਕ-ਰੁਕ ਕੇ ਮੀਂਹ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। ਵਿਭਾਗ ਵਲੋਂ 14, 15 ਅਤੇ 16 ਤਾਰੀਖ਼ ਨੂੰ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।