ਫ਼ਤਹਿਗੜ੍ਹ ਸਾਹਿਬ : ਥਾਣਾ ਸਰਹਿੰਦ ਦੇ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ‘ਤੇ ਨਿਹੰਗ ਸਿੰਘਾਂ ਦੇ ਭੇਸ ਵਿਚ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਵਿਅਕਤੀਆਂ ਨੇ ਬੱਸ ਨੂੰ ਤੋੜ ਦਿੱਤਾ। ਡਰਾਈਵਰ ਦਾ ਕਹਿਣਾ ਹੈ ਕਿ ਸਵਾਰੀਆਂ ਨੇ ਉਸ ਦੀ ਜਾਨ ਬਚਾਈ ਹੈ।
ਬੱਸ ਦੇ ਡਰਾਈਵਰ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਲੁਧਿਆਣਾ ਡੀਪੂ ਦੀ ਬੱਸ ਹੈ। ਉਹ ਸਮਰਾਲੇ ਤੋਂ ਵਾਪਸ ਆ ਰਹੇ ਸੀ। ਜਦੋਂ ਉਹ ਸਰਹਿੰਦ ਥਾਣੇ ਕੋਲ ਪਹੁੰਚੇ ਤਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਜੋੜ ਮੇਲ ਕਰ ਕੇ ਜਾਮ ਲੱਗਿਆ ਹੋਇਆ ਸੀ। ਮਗਰੋਂ ਕੁਝ ਲੋਕ ਨਿਹੰਗ ਸਿੰਘ ਦੇ ਭੇਸ ਵਿਚ ਆ ਰਹੇ ਸੀ। ਅੱਗਿਓਂ ਇਕ ਟੈਂਪੂ ਆਇਆ ਤੇ ਉਨ੍ਹਾਂ ਦੇ ਘੋੜੇ ਦੇ ਨਾਲ ਲੱਗਿਆ।
ਅਵਤਾਰ ਸਿੰਘ ਨੇ ਦੱਸਿਆ ਕਿ ਇਸ ਤੋਂ ਭੜਕੇ ਨਿਹੰਗ ਸਿੰਘ ਦੇ ਭੇਸ ਵਿਚ ਉਕਤ ਲੋਕਾਂ ਵੱਲੋਂ ਸਵਾਰੀਆਂ ਨਾਲ ਭਰੀ ਬੱਸ ‘ਤੇ ਹਮਲਾ ਕਰ ਦਿੱਤਾ ਗਿਆ। ਡਰਾਈਵਰ ਅਵਾਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਹੱਥ ‘ਤੇ ਕਿਰਪਾਨਾਂ ਵੀ ਮਾਰੀਆਂ ਗਈਆਂ। ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਉਸ ਨੇ ਇਹ ਵੀ ਕਿਹਾ ਕਿ ਜੇ ਸਵਾਰੀਆਂ ਆ ਕੇ ਉਸ ਨੂੰ ਨਾ ਬਚਾਉਂਦੀਆਂ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ।