ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਇੱਕ ਆਮ ਸ਼ਰਧਾਲੂ ਵਾਂਗ ਗੁਰੂ ਘਰ ਵਿਖੇ ਪੂਰੀ ਪਰਿਕਰਮਾ ਕਰਦੇ ਹੋਏ ਕਾਫੀ ਲੰਮਾ ਸਮਾਂ ਪਰਕਰਮਾਂ ‘ਚ ਬੈਠ ਕੇ ਆਪਣੀ ਟੀਮ ਦੀ ਜਿੱਤ ਵਾਸਤੇ ਵਾਹਿਗੁਰੂ ਦੇ ਚਰਨਾਂ ‘ਚ ਅਰਦਾਸ ਬੇਨਤੀ ਕੀਤੀ ਉੱਥੇ ਹੀ ਉਨ੍ਹਾਂ ਨੇ ਕੁਝ ਸਮਾਂ ਲੰਗਰ ਹਾਲ ਵਿਖੇ ਵੀ ਬਿਤਾਇਆ।
ਇਸ ਦੌਰਾਨ ਨੀਤਾ ਅੰਬਾਨੀ ਨੂੰ ਮੈਨੇਜਰ ਰਜਿੰਦਰ ਸਿੰਘ ਰੂਬੀ , ਸੂਚਨਾ ਅਧਿਕਾਰੀ ਸਰਬਜੀਤ ਸਿੰਘ ਵੱਲੋਂ ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉੱਥੇ ਹੀ ਉਨ੍ਹਾਂ ਨੇ ਪਰਿਕਰਮਾ ਵਿੱਚ ਸਥਿਤ ਸਥਾਨ ਬਾਬਾ ਦੀਪ ਸਿੰਘ ਵਿਖੇ ਸ਼ੀਸ਼ ਨਿਵਾ ਕੇ ਕਾਫੀ ਸਮਾਂ ਬਤੀਤ ਕੀਤਾ। ਨੀਤਾ ਅੰਬਾਨੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਾਖਲ ਹੁੰਦਿਆਂ ਹੀ ਉਨ੍ਹਾਂ ਨੂੰ ਵੇਖਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ ਪਰ ਅਨੀਤਾ ਅੰਬਾਨੀ ਦੀ ਸਿਕਿਉਰਿਟੀ ਨੇ ਲੋਕਾਂ ਦੀ ਪੇਸ਼ ਨਹੀਂ ਚੱਲਣ ਦਿੱਤੀ।