ਸ਼੍ਰੋਮਣੀ ਅਕਾਲੀ ਦਲ ਵਿਚਾਲੇ ਧੜੇਬਾਜੀ ਹੋਣ ’ਤੇ ਸਿਆਸਤ ਗਰਮਾਈ ਹੋਈ ਹੈ। ਇਹ ਧੜੇਬਾਜੀ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ ਅਕਾਲੀ ਦਲ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦਾ ਫੈਸਲਾ ਤਾਨਾਸ਼ਾਹੀ, ਗੈਰਸੰਵਿਧਾਨਕ ਅਤੇ ਬੁਖਲਾਹਟ ਵਿੱਚ ਆ ਕੇ ਲਿਆ ਗਿਆ ਹੈ। ਦਰਅਸਲ ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਹੀਆਂ ਹਨ।
ਉਨ੍ਹਾਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਬਰਖ਼ਾਸਤ ਕਰਨ ਦੇ ਫੈਸਲੇ ’ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਰੱਦ ਕਰਨ ਦਾ ਫੈਸਲਾ ਤਾਨਾਸ਼ਾਹੀ, ਗੈਰਸੰਵਿਧਾਨਕ ਅਤੇ ਬੁਖਲਾਹਟ ਵਿੱਚ ਆ ਕੇ ਲਿਆ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਪੰਥ ਵਿਰੋਧੀ ਫੈਸਲੇ ਲੈਣ ਦੇ ਇਲਜ਼ਾਮਾਂ ਕਾਰਨ ਹਾਲਾਤ ਬਹੁਤ ਸੰਵੇਦਨਸ਼ੀਲ ਬਣੇ ਹੋਏ ਹਨ।
ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭਰੋਸੇਯੋਗਤਾ ’ਤੇ ਕਈ ਤਰ੍ਹਾਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਸੁਖਬੀਰ ਬਾਦਲ ਦੀ ਅਗਵਾਈ ’ਤੇ ਲੋਕਾਂ ਨੇ ਵਾਰ-ਵਾਰ ਸਖ਼ਤ ਸੁਨੇਹਾ ਦਿੱਤਾ ਹੈ ਕਿ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਪਾਸੇ ਹੋ ਜਾਣ। ਪਰ ਸੁਖਬੀਰ ਬਾਦਲ ਚਾਪਲੂਸਾਂ ਅਤੇ ਜੀ ਹਜ਼ੂਰੀਏ ’ਚ ਘਿਰ ਗਏ ਹਨ ਕਿ ਉਹ ਤਿਆਗ ਦੀ ਭਾਵਨਾ ਹੀ ਤਿਆਗ ਬੈਠੇ ਹਨ। ਅਜਿਹਾ ਤਾਨਾਸ਼ਾਹੀ ਅਤੇ ਆਪਹੁਦਰਾ ਫ਼ਰਮਾਨ ਜਾਰੀ ਕਰਕੇ ਕੇ ਇਹ ਪਾਰਟੀ ਨੂੰ ਹੋਰ ਧਰਾਤਲ ਵੱਲ ਲੈ ਕੇ ਜਾਏਗਾ।
ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲੋਕਤੰਤਰਿਕ ਵਿਚਾਰਧਾਰਾ ਨੂੰ ਬੁਰੀ ਤਰ੍ਹਾਂ ਮਿੱਧ ਕੇ ਡਿਕਟੇਟਰਸ਼ਿਪ ਨੇ ਥਾਂ ਬਣਾ ਲਈ ਹੈ ਅਤੇ ਕਿਸੇ ਵੀ ਮੁੱਦੇ ਤੇ “ਨਾਂ ਅਪੀਲ ਨਾਂ ਦਲੀਲ” ਬਲਕਿ ਕੰਪਨੀ ਦੀ ਤਰ੍ਹਾਂ ਪਾਰਟੀ ਨੂੰ ਚਲਾਇਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ।