ਇਸ ਵਾਰ ਸੰਸਦ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ ‘ਜੈ ਸੰਵਿਧਾਨ’ ਅਤੇ ‘ਜੈ ਹਿੰਦੂ ਰਾਸ਼ਟਰ’ ਦੇ ਨਾਅਰੇ ਲਗਾਏ ਗਏ। ਇੱਥੋਂ ਤੱਕ ਕਿ ਇਕ ਮੈਂਬਰ ਨੇ ‘ਜੈ ਫਲਸਤੀਨ’ ਦਾ ਨਾਅਰਾ ਵੀ ਲਗਾਇਆ, ਜਿਸ ‘ਤੇ ਕਈ ਮੈਂਬਰਾਂ ਨੇ ਇਤਰਾਜ਼ ਕੀਤਾ ਸੀ। ਇਨ੍ਹਾਂ ਨਾਅਰਿਆਂ ਦੇ ਸਾਹਮਣੇ ਆਉਣ ਤੋਂ ਬਾਅਦ 18 ਲੋਕ ਸਭਾ ਦੇ ਸੈਸ਼ਨ ’ਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਲਈ ਸਹੁੰ ਚੁੱਕਣ ਦੇ ਨਿਯਮਾਂ ਵਿੱਚ ਨਵੀਂ ਸੋਧ ਕੀਤੀ ਹੈ ਜਿਸ ਦੇ ਮੁਤਾਬਕ ਸੰਸਦ ਮੈਂਬਰ ਵੱਜੋਂ ਸਹੁੰ ਚੁੱਕਣ ਸਮੇਂ ਕੋਈ ਵੀ ਹੋਰ ਨਾਅਰਾ ਜਾਂ ਸਹੁੰ ਦੇ ਅੱਗੇ ਜਾਂ ਪਿੱਛੇ ਕੋਈ ਹੋਰ ਸ਼ਬਦਾ ਜਾਂ ਵਾਕ ਨਹੀਂ ਬੋਲ ਸਕੇਗਾ। ਸਪੀਕਰ ਵੱਲੋਂ ਇਹ ਤਬਦੀਲੀ ਇਸ ਵਾਰ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਬਾਅਦ ਕੀਤੀ ਗਈ ਹੈ। ਜਦੋਂ ਕਈ ਮੈਂਬਰਾਂ ਵੱਲੋਂ ਸਹੁੰ ਚੁੱਕਣ ਦੌਰਾਨ ਨਾਅਰੇਬਾਜੀ ਕੀਤੀ ਗਈ ਸੀ।
ਸਦਨ ਦੇ ਕੰਮਕਾਜ ਨਾਲ ਸਬੰਧਤ ਖਾਸ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ ‘ਸਪੀਕਰ ਤੋਂ ਨਿਰਦੇਸ਼’ ਦੇ ਅੰਦਰ ‘ਹਿਦਾਇਤ 1’ ਵਿੱਚ ਇੱਕ ਨਵੀਂ ਧਾਰਾ ਜੋੜੀ ਗਈ ਹੈ, ਜੋ ਮੌਜੂਦਾ ਨਿਯਮਾਂ ਵਿੱਚ ਸਪੱਸ਼ਟ ਤੌਰ ‘ਤੇ ਸ਼ਾਮਲ ਨਹੀਂ ਹਨ। ਨਵੇਂ ਨਿਯਮ ਅਨੁਸਾਰ ਹੁਣ ਭਵਿੱਖ ਵਿੱਚ ਸਹੁੰ ਚੁੱਕਣ ਵਾਲੇ ਚੁਣੇ ਗਏ ਸੰਸਦ ਮੈਂਬਰਾਂ ਨੂੰ ਸੰਵਿਧਾਨ ਦੇ ਤਹਿਤ ਸਹੁੰ ਚੁੱਕਣ ਦੇ ਫਾਰਮੈਟ ਅਨੁਸਾਰ ਸਹੁੰ ਚੁੱਕਣੀ ਪਵੇਗੀ। ਹੁਣ ਸੰਸਦ ਮੈਂਬਰ ਸਹੁੰ ਚੁੱਕਦੇ ਸਮੇਂ ਨਾ ਤਾਂ ਨਾਅਰੇਬਾਜ਼ੀ ਕਰ ਸਕਣਗੇ ਅਤੇ ਨਾ ਹੀ ਆਪਣੀ ਸਹੁੰ ‘ਚ ਕੋਈ ਹੋਰ ਸ਼ਬਦ ਜੋੜ ਸਕਣਗੇ।
ਲੋਕ ਸਭਾ ਦੇ ਸਪੀਕਰ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ (ਸੱਤਰਵੇਂ ਸੰਸਕਰਣ) ਵਿੱਚ ਕਾਰਜਪ੍ਰਣਾਲੀ ਅਤੇ ਕਾਰੋਬਾਰ ਦੇ ਨਿਯਮਾਂ ਦੇ ਨਿਯਮ 389 ਨੂੰ ਬਦਲ ਦਿੱਤਾ ਗਿਆ ਹੈ। ਹੁਣ ਨਿਯਮ 389 ਦੇ ਨਿਰਦੇਸ਼-1 ਵਿੱਚ ਕਲਾਜ਼-2 ਤੋਂ ਬਾਅਦ ਇੱਕ ਨਵਾਂ ਕਲਾਜ਼-3 ਜੋੜਿਆ ਗਿਆ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਦਾਅਵਾ ਕੀਤਾ ਕਿ ਬਹੁਤ ਸਾਰੇ ਮੈਂਬਰਾਂ ਨੇ ਸਹੁੰ ਚੁੱਕਣ ਦੇ ਪਵਿੱਤਰ ਮੌਕੇ ਦੀ ਵਰਤੋਂ ਸਿਆਸੀ ਸੰਦੇਸ਼ ਭੇਜਣ ਲਈ ਕੀਤੀ। ਇਨ੍ਹਾਂ ਨਾਅਰਿਆਂ ਕਾਰਨ 24 ਅਤੇ 25 ਜੂਨ ਨੂੰ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਛਿੜ ਗਈ ਸੀ।