ਗੋਂਡਾ-ਮਾਨਕਪੁਰ ਸੈਕਸ਼ਨ ’ਤੇ ਉਸ ਸਮੇਂ ਪੰਜ ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਚੰਡੀਗੜ੍ਹ-ਡਿਬਰੂਗੜ੍ਹ ਰੇਲਗੱਡੀ ਟਰੈਕ ਤੋਂ ਉਤਰ ਗਈ। ਇਸ ਤੋਂ ਇਲਾਵਾ 25 ਹੋਰ ਯਾਤਰੀ ਵੀ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰਿਆ, ਜਿਸ ਕਾਰਨ ਇਸ ਮਾਰਗ ’ਤੇ ਕਈ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਤੁਹਾਨੂੰ ਦੱਸ ਦਈਏ ਕਿ ਇਹ ਰੇਲ ਗੱਡੀ ਚੰਡੀਗੜ੍ਹ ਤੋਂ ਹਫ਼ਤੇ ਵਿਚ ਦੋ ਦਿਨ ਬੁੱਧਵਾਰ ਤੇ ਸ਼ਨਿਚਰਵਾਰ ਨੂੰ ਚਲਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਰੇਲ ਗੱਡੀ ਦੇ ਟਰੈਕਤ ਤੋਂ ਉੱਤਰੀ ਤਾਂ ਵੱਡੀ ਗਿਣਤੀ ’ਚ ਲੋਕਾਂ ਨੇ ਰੇਲ ਗੱਡੀ ਤੋਂ ਛਾਲ ਮਾਰ ਦਿੱਤੀ। ਜਾਣਕਾਰੀ ਮੁਤਾਬਕ ਤਿੰਨ ਏਸੀ ਡੱਬਿਆ ਸਣੇ 15 ਡੱਬੇ ਟਰੈਕ ਤੋਂ ਉੱਤਰੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੀੜਤਾਂ ਦੀ ਸਹਾਇਤਾ ਲਈ 40 ਮੈਂਬਰੀ ਮੈਡੀਕਲ ਟੀਮ ਦੇ ਨਾਲ 15 ਐਂਬੂਲੈਂਸਾਂ ਨੂੰ ਰਵਾਨਾ ਕੀਤਾ ਗਿਆ।
ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੂਬੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਘਟਨਾ ਸਥਾਨ ’ਤੇ ਤੁਰੰਤ ਰਾਹਤ ਕਾਰਜ ਸੰਭਾਲੇ ਜਾਣ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਦੱਸਿਆ ਕਿ ਰੇਲ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ ਪਰ ਜਦੋਂ ਕਿ ਸੂਤਰਾਂ ਮੁਤਾਬਕ ਪੰਜ ਯਾਤਰੀ ਮਾਰੇ ਗਏ ਹਨ ਤੇ 25 ਲੋਕ ਜ਼ਖ਼ਮੀ ਹੋਏ ਹਨ।
ਹਾਂਲਾਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ, ਪਰ ਇਸ ਸੰਬੰਧ ਵਿੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਕਿ ਹਾਦਸੇ ਦੇ ਵਾਪਰਨ ਦੇ ਪਿੱਛੇ ਕੀ ਕਾਰਨ ਸੀ, ਜੋ ਯਾਤਰੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।