ਨਵੀਂ ਦਿੱਲੀ- GST ਕੌਂਸਲ ਨੇ ਪੁਰਾਣੀਆਂ ਕਾਰਾਂ ਦੀ ਵਿਕਰੀ ‘ਤੇ ਗੁਡਸ ਐਂਡ ਸਰਵਿਸਿਜ਼ ਟੈਕਸ (GST) ਦੀ ਦਰ ਨੂੰ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵਾਹਨ ਦੀ ਕਿਸਮ ਦੇ ਹਿਸਾਬ ਨਾਲ ਵੱਖ-ਵੱਖ ਦਰਾਂ ਲਗਾਈਆਂ ਜਾਂਦੀਆਂ ਸਨ। ਪੁਰਾਣੀਆਂ ਜਾਂ ਸੈਕੰਡ ਹੈਂਡ ਕਾਰਾਂ ‘ਤੇ ਲਗਾਏ ਗਏ ਨਵੇਂ ਜੀਐੱਸਟੀ ਨਿਯਮਾਂ (ਯੂਜ਼ਡ ਕਾਰ ਜੀਐੱਸਟੀ ਰੇਟ) ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਹਨ।
ਜਿਵੇਂ, ਇਸ ‘ਤੇ ਕਿੰਨਾ ਜੀਐੱਸਟੀ ਲਗਾਇਆ ਜਾਂਦਾ ਹੈ? ਕੀ ਕਾਰ ਵੇਚਣ ‘ਤੇ GST ਦੇਣਾ ਪਵੇਗਾ? ਜੇਕਰ ਕਾਰ ਘਾਟੇ ਵਿੱਚ ਵੇਚੀ ਜਾਂਦੀ ਹੈ ਤਾਂ ਕੀ ਫਿਰ ਵੀ ਟੈਕਸ ਦੇਣਾ ਪਵੇਗਾ? ਅਤੇ ਇਹ ਨਿਯਮ ਕਿਸ ‘ਤੇ ਲਾਗੂ ਹੋਣਗੇ? ਆਓ ਅਸੀਂ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਕ-ਇਕ ਕਰਕੇ ਦੱਸਦੇ ਹਾਂ।
vਇਹ ਨਵਾਂ GST ਨਿਯਮ ਉਨ੍ਹਾਂ ਲੋਕਾਂ ‘ਤੇ ਲਾਗੂ ਹੋਵੇਗਾ ਜੋ GST ਰਜਿਸਟਰਡ ਕਾਰਾਂ ਦਾ ਕਾਰੋਬਾਰ ਕਰਦੇ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਸਿਰਫ਼ ਉਨ੍ਹਾਂ ‘ਤੇ ਲਾਗੂ ਹੋਵੇਗਾ ਜੋ ਪੁਰਾਣੀਆਂ ਜਾਂ ਵਰਤੀਆਂ ਹੋਈਆਂ ਕਾਰਾਂ ਨੂੰ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦੇ ਹਨ, ਜਿਵੇਂ- Spinny, Car Dekho, Cars24 ਵਰਗੀਆਂ ਕੰਪਨੀਆਂ। ਇਨ੍ਹਾਂ ਕਾਰੋਬਾਰੀਆਂ ਲਈ ਜੀਐੱਸਟੀ ਰਜਿਸਟ੍ਰੇਸ਼ਨ ਲਾਜ਼ਮੀ ਹੈ ਅਤੇ ਉਨ੍ਹਾਂ ਨੂੰ 18 ਫੀਸਦੀ ਜੀਐੱਸਟੀ ਅਦਾ ਕਰਨਾ ਪਏਗਾ।
ਨਵੇਂ ਨਿਯਮਾਂ ਦੇ ਅਨੁਸਾਰ, ਰਜਿਸਟਰਡ ਡੀਲਰਾਂ ਨੂੰ ਪੁਰਾਣੀਆਂ ਜਾਂ ਵਰਤੀਆਂ ਗਈਆਂ ਕਾਰਾਂ ਦੀ ਵਿਕਰੀ ‘ਤੇ ਜੀਐੱਸਟੀ ਸਿਰਫ ਤਾਂ ਹੀ ਅਦਾ ਕਰਨਾ ਪਏਗਾ ਜੇ ਉਹ ਵਾਹਨ ਵੇਚ ਕੇ ਮਾਰਜਿਨ ਕਮਾਉਂਦੇ ਹਨ। ਜਿਸ ਦਾ ਮਤਲਬ ਇਹ ਹੈ ਕਿ ਜਦੋਂ ਵਿਕਰੀ ਕੀਮਤ ਵਾਹਨ ਦੀ ਡਿਪ੍ਰੀਸੀਏਸ਼ਨ ਐਡਜਸਟਡ ਲਾਗਤ ਤੋਂ ਵੱਧ ਹੋਵੇਗੀ ਤਾਂ ਹੀ ਉਨ੍ਹਾਂ ਨੂੰ ਨਵੇਂ ਨਿਯਮਾਂ ਅਨੁਸਾਰ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ।