ਚੰਡੀਗੜ੍ਹ ਪ੍ਰਸ਼ਾਸਨ ਨੇ ਵਪਾਰੀਆਂ ਦੀ ਮੰਗ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਨੂੰ 24 ਖੁੱਲ੍ਹਾ ਰੱਖਣ ਦੀ ਮੰਜ਼ੂਰ ਦੇ ਦਿੱਤੀ ਹੈ। ਪਰ ਇਸ ਦੇ ਲਈ ਪ੍ਰਸ਼ਾਸਨ ਨੇ ਕੁੱਝ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਲਈ ਨਿਰਦੇਸ਼ ਜਾਰੀ ਕੀਤੇ ਹਨ। ਸਭ ਤੋਂ ਪਹਿਲਾਂ ਤਾਂ ਦੁਕਾਨਦਾਰ ਨੂੰ 24 ਘੰਟੇ ਦੁਕਾਨ ਖੁੱਲ੍ਹੀ ਰੱਖਣ ਲਈ ਕਿਰਤ ਵਿਭਾਗ ਦੀ ਸਾਈਟ ’ਤੇ ਖੁਦ ਨੂੰ ਰਜਿਸਟਰ ਕਰਨਾ ਪਵੇਗਾ। ਪਰ ਇਹ ਹੁਕਮ ਸ਼ਰਾਬ ਦੀਆਂ ਦੁਕਾਨਾਂ, ਪੱਬਾਂ, ਬਾਰਾਂ ਅਤੇ ਕਲੱਬਾਂ ‘ਤੇ ਲਾਗੂ ਨਹੀਂ ਹੋਵੇਗਾ। ਉਨ੍ਹਾਂ ਦਾ ਸਮਾਂ ਪਹਿਲਾਂ ਵਾਲਾ ਹੀ ਤੈਅ ਕੀਤਾ ਹੋਇਆ ਰਹੇਗਾ।
ਦਰਅਸਲ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਲਿਆ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਕਿਸੇ ਵੀ ਮੁਲਾਜ਼ਮ ਤੋਂ 9 ਘੰਟੇ ਤੋਂ ਵੱਧ ਕੰਮ ਨਹੀਂ ਕਰਵਾਇਆ ਜਾ ਸਕਦਾ ਅਤੇ ਉਸ ਨੂੰ ਹਫ਼ਤੇ ਵਿੱਚ ਇੱਕ ਛੁੱਟੀ ਦੇਣੀ ਪਵੇਗੀ। ਜਿਸ ਲਈ ਉਸਦੀ ਤਨਖਾਹ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਹਰ ਕਰਮਚਾਰੀ ਨੂੰ ਲਗਾਤਾਰ 5 ਘੰਟੇ ਕੰਮ ਕਰਨ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਦਾ ਆਰਾਮ ਦਿੱਤਾ ਜਾਵੇਗਾ। ਹਫ਼ਤੇ ਵਿੱਚ ਵੱਧ ਤੋਂ ਵੱਧ 48 ਘੰਟੇ ਕੰਮ ਕੀਤਾ ਜਾ ਸਕਦਾ ਹੈ। ਜੇਕਰ ਕੋਈ ਕਰਮਚਾਰੀ ਵਾਧੂ ਕੰਮ ਕਰਦਾ ਹੈ ਤਾਂ ਉਸਨੂੰ ਓਵਰਟਾਈਮ ਦੇਣਾ ਪਵੇਗਾ। ਜੇਕਰ ਰਾਤ 10 ਵਜੇ ਤੋਂ ਬਾਅਦ ਵੀ ਦੁਕਾਨ ਖੁੱਲ੍ਹੀ ਰਹਿੰਦੀ ਹੈ ਤਾਂ ਦੁਕਾਨ ਮਾਲਕ ਨੂੰ ਸਾਰੇ ਕਰਮਚਾਰੀਆਂ ਅਤੇ ਗਾਹਕਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣੇ ਹੋਣਗੇ।
ਇਸ ਤੋ ਇਲਾਵਾ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਪ੍ਰਸ਼ਾਸਨ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਕੋਈ ਮਹਿਲਾ ਕਰਮਚਾਰੀ ਰਾਤ 8 ਵਜੇ ਤੋਂ ਬਾਅਦ ਕੰਮ ‘ਤੇ ਹੈ ਤਾਂ ਉਸ ਤੋਂ ਲਿਖਤੀ ਸਹਿਮਤੀ ਲੈਣੀ ਪਵੇਗੀ। ਮਹਿਲਾ ਕਰਮਚਾਰੀਆਂ ਲਈ ਵੱਖਰਾ ਲਾਕਰ, ਸੁਰੱਖਿਆ ਅਤੇ ਆਰਾਮ ਕਮਰੇ ਦਾ ਪ੍ਰਬੰਧ ਕਰਨਾ ਹੋਵੇਗਾ। ਕੰਮ ਖ਼ਤਮ ਹੋਣ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਸੁਰੱਖਿਅਤ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਦੁਕਾਨ ਮਾਲਕ ਦੀ ਹੋਵੇਗੀ। ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲਗਾਉਣੇ ਹੋਣਗੇ। ਜਿਸ ਦੀ ਰਿਕਾਰਡਿੰਗ ਦਾ ਬੈਕਅੱਪ ਘੱਟੋ-ਘੱਟ 15 ਦਿਨਾਂ ਲਈ ਰੱਖਣਾ ਹੋਵੇਗਾ। ਮਹਿਲਾ ਮੁਲਾਜ਼ਮਾਂ ਨੂੰ ਹਫ਼ਤੇ ਵਿੱਚ ਇੱਕ ਛੁੱਟੀ ਤੋਂ ਇਲਾਵਾ ਸਾਰੇ ਸਰਕਾਰੀ ਅਤੇ ਤਿਉਹਾਰਾਂ ਮੌਕੇ ਛੁੱਟੀ ਦੇਣੀ ਪਵੇਗੀ।