ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਲੈ ਕੇ ਨਵੇਂ ਅਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਤਾਜ਼ਾ ਹੁਕਮਾਂ ਅਨੁਸਾਰ, ਹੁਣ ਸਰਕਾਰੀ ਪ੍ਰੋਗਰਾਮਾਂ ਅਤੇ ਸਕੂਲਾਂ ਦੇ ਸਮਾਗਮਾਂ ‘ਚ ‘ਵੰਦੇ ਮਾਤਰਮ’ ਵਜਾਇਆ ਜਾਵੇਗਾ ਅਤੇ ਇਸ ਦੌਰਾਨ ਹਰ ਵਿਅਕਤੀ ਦਾ ਸਨਮਾਨ ‘ਚ ਖੜ੍ਹੇ ਹੋਣਾ ਲਾਜ਼ਮੀ ਹੋਵੇਗਾ।
ਰਾਸ਼ਟਰੀ ਗਾਨ ਤੋਂ ਪਹਿਲਾਂ ਮਿਲੇਗਾ ਸਨਮਾਨ
ਨਵੇਂ ਨਿਯਮਾਂ ਮੁਤਾਬਕ ਜੇਕਰ ਰਾਸ਼ਟਰੀ ਗੀਤ (ਵੰਦੇ ਮਾਤਰਮ) ਅਤੇ ਰਾਸ਼ਟਰੀ ਗਾਨ (ਜਨ ਗਣ ਮਨ) ਇਕੋ ਸਮੇਂ ਵਜਾਏ ਜਾਂਦੇ ਹਨ, ਤਾਂ ‘ਵੰਦੇ ਮਾਤਰਮ’ ਪਹਿਲਾਂ ਵਜਾਇਆ ਜਾਵੇਗਾ। ਇਸ ਦੌਰਾਨ ਗਾਉਣ ਜਾਂ ਸੁਣਨ ਵਾਲਿਆਂ ਨੂੰ ਸਾਵਧਾਨ ਦੀ ਮੁਦਰਾ ‘ਚ ਖੜ੍ਹੇ ਹੋਣਾ ਪਵੇਗਾ ਤਾਂ ਜੋ ਰਾਸ਼ਟਰੀ ਭਾਵਨਾ ਦਾ ਸਪੱਸ਼ਟ ਸੰਦੇਸ਼ ਦਿੱਤਾ ਜਾ ਸਕੇ।
3 ਮਿੰਟ 10 ਸਕਿੰਟ ਦਾ ਹੋਵੇਗਾ ਪੂਰਾ ਗੀਤ
ਹੁਣ ਤੱਕ ‘ਵੰਦੇ ਮਾਤਰਮ’ ਦੇ ਸਿਰਫ਼ ਪਹਿਲੇ 2 ਪੈਰੇ ਹੀ ਗਾਏ ਜਾਂਦੇ ਸਨ, ਪਰ ਹੁਣ 6 ਪੈਰਿਆਂ ਵਾਲਾ ਪੂਰਾ ਸੰਸਕਰਣ ਵਜਾਇਆ ਜਾਵੇਗਾ, ਜਿਸ ਦੀ ਮਿਆਦ 3 ਮਿੰਟ 10 ਸਕਿੰਟ ਹੋਵੇਗੀ। ਇਸ ਪੂਰੇ ਗੀਤ ‘ਚ ਦੁਰਗਾ ਸਮੇਤ ਤਿੰਨ ਹਿੰਦੂ ਦੇਵੀਆਂ ਦਾ ਜ਼ਿਕਰ ਆਉਂਦਾ ਹੈ।
ਇਨ੍ਹਾਂ ਮੌਕਿਆਂ ‘ਤੇ ਹੋਵੇਗਾ ਲਾਜ਼ਮੀ
ਤਿਰੰਗਾ ਲਹਿਰਾਉਣ ਦੇ ਸਮੇਂ।
ਰਾਸ਼ਟਰਪਤੀ ਅਤੇ ਰਾਜਪਾਲਾਂ ਦੇ ਆਗਮਨ ਅਤੇ ਉਨ੍ਹਾਂ ਦੇ ਭਾਸ਼ਣਾਂ ਤੋਂ ਪਹਿਲਾਂ ਅਤੇ ਬਾਅਦ ‘ਚ।
ਪਦਮ ਪੁਰਸਕਾਰਾਂ ਵਰਗੇ ਸਿਵਲੀਅਨ ਸਨਮਾਨ ਸਮਾਰੋਹਾਂ ‘ਚ।
ਸਰਕਾਰੀ ਸਕੂਲਾਂ ਅਤੇ ਅਧਿਕਾਰਤ ਸਮਾਗਮਾਂ ‘ਚ।
ਸਿਨੇਮਾ ਹਾਲਾਂ ਨੂੰ ਮਿਲੀ ਛੋਟ
ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਵੇਂ ਨਿਯਮ ਸਿਨੇਮਾ ਹਾਲਾਂ ‘ਤੇ ਲਾਗੂ ਨਹੀਂ ਹੋਣਗੇ। ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ‘ਵੰਦੇ ਮਾਤਰਮ’ ਵਜਾਉਣਾ ਜਾਂ ਖੜ੍ਹੇ ਹੋਣਾ ਲਾਜ਼ਮੀ ਨਹੀਂ ਹੋਵੇਗਾ।

