ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਹਮਲੇ ਵਿਚ 26 ਬੇਕਸੂਰ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਵਲੋਂ ਇਸ ਹਮਲੇ ਮਗਰੋਂ ਲਗਾਤਾਰ ਉੱਚ-ਪੱਧਰੀ ਬੈਠਕਾਂ ਦਾ ਸਿਲਸਿਲਾ ਜਾਰੀ ਹੈ। ਇਸ ਦਰਮਿਆਨ ਅੱਜ ਯਾਨੀ ਕਿ ਮੰਗਲਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨੇ ਪੀ. ਐੱਮ. ਆਵਾਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਲੈ ਕੇ ਕਈ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਭਾਰਤ, ਪਾਕਿਸਤਾਨ ਖਿਲਾਫ਼ ਕੁਝ ਤਾਂ ਵੱਡਾ ਕਰਨ ਦੀ ਤਿਆਰੀ ਵਿਚ ਹੈ।
5 ਮਈ ਯਾਨੀ ਕਿ ਕੱਲ ਵੀ ਪ੍ਰਧਾਨ ਮੰਤਰੀ ਮੋਦੀ ਨੇ ਅਜੀਤ ਡੋਭਾਲ ਨਾਲ ਅਹਿਮ ਬੈਠਕ ਕੀਤੀ ਸੀ। ਇਸ ਬੈਠਕ ਵਿਚ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ, ਅੱਤਵਾਦੀ ਨੈੱਟਵਰਕ ਖਿਲਾਫ਼ ਆਪ੍ਰੇਸ਼ਨ ਅਤੇ ਪਾਕਿਸਤਾਨ ‘ਤੇ ਕੂਟਨੀਤਕ ਦਬਾਅ ਵਧਾਉਣ ਦੀ ਰਣਨੀਤੀ ‘ਤੇ ਸਲਾਹ-ਮਸ਼ਵਰਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕਿ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (CCS) ਦੀ ਬੈਠਕ ਵਿਚ ਪਾਕਿਸਤਾਨ ਖ਼ਿਲਾਫ਼ ਸਖ਼ਤ ਕਦਮਾਂ ‘ਤੇ ਚਰਚਾ ਹੋਈ। ਜਿਸ ਵਿਚ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਅਟਾਰੀ-ਵਾਹਘਾ ਬਾਰਡਰ ਨੂੰ ਬੰਦ ਕਰਨ ਵਰਗੇ ਇਤਿਹਾਸਕ ਫ਼ੈਸਲੇ ਲਏ ਹਨ।