ਅੰਮ੍ਰਿਤਸਰ ਪੁਰਾਣਾ ਸਦਰ ਥਾਣਾ ਨੇੜੇ ਪੁਲਸ ਕੁਆਰਟਰਾਂ ’ਚ ਦੋ ਦਿਨ ਪਹਿਲਾਂ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਇਸ ਦੌਰਾਨ ਬੇਸਬਾਲ, ਦਾਤਰ ਅਤੇ ਤਲਵਾਰਾਂ ਖੂਬ ਚੱਲੀਆਂ। ਇਸ ਸਾਰੀ ਵਾਰਦਾਤ ਦੌਰਾਨ ਇਕ ਧਿਰ ਦਾ ਨੌਜਵਾਨ ਹਰਮੀਤ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਦਾਤਰ ਅਤੇ ਬੇਸਬਾਲ ਦੇ ਵਾਰ ਨਾਲ ਉਸ ਦੀ ਸੱਜੀ ਬਾਂਹ ਦੀ ਹੱਡੀ ਟੁੱਟ ਗਈ ਅਤੇ ਉਸ ਨੂੰ ਬਚਾਉਣ ਆਏ ਉਸ ਦੇ ਇਕ ਦੋਸਤ ਦੇ ਸਿਰ ’ਤੇ ਵੀ ਦਾਤਰਾਂ ਨਾਲ ਵਾਰ ਕੀਤੇ ਗਏ, ਜਿਸ ਨਾਲ ਉਹ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਹਮਲਾਵਰ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਇਸ ਤੋਂ ਬਾਅਦ ਘਰ ਦੇ ਬਾਹਰ ਲੱਗੀ ਕਾਰ ’ਤੇ ਇੱਟਾਂ, ਪੱਥਰਾਂ ਅਤੇ ਬੇਸਬਾਲਾਂ ਨਾਲ ਹਮਲਾ ਕਰ ਕੇ ਪੂਰੀ ਤਰ੍ਹਾਂ ਨਾਲ ਭੰਨ ਤੋੜ ਦਿੱਤੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਘਟਨਾ ਪੁਲਸ ਥਾਣੇ ਦੇ ਨਜ਼ਦੀਕ ਵਾਪਰੀ ਹੋਵੇ ਅਤੇ ਦੋ ਦਿਨ ਹੋਣ ਦੇ ਬਾਵਜੂਦ ਵੀ ਪੁਲਸ ਵੱਲੋਂ ਹਮਲਾਵਰਾਂ ’ਤੇ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ‘ਤੇ ਕਈ ਪ੍ਰਕਾਰ ਦੇ ਪ੍ਰਸ਼ਨ ਖੜੇ ਹੋਣੇ ਲਾਜ਼ਮੀ ਹੈ।
ਪਤਾ ਲੱਗਾ ਹੈ ਕਿ ਪੁਲਸ ਦੋਵਾਂ ਧਿਰਾਂ ਨੂੰ ਸਮਝੌਤਾ ਕਰਵਾਉਣ ਵਿਚ ਲੱਗੀ ਹੋਈ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਪੀੜਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰਾਤ ਦੇ ਸਮੇਂ ਪੁਲਸ ਕੁਆਰਟਰਾਂ ’ਚ ਹੀ ਰਹਿਣ ਵਾਲੇ ਅਮਰਜੀਤ ਸਿੰਘ ਦਾ ਰਿਸ਼ਤੇਦਾਰ ਤਰੁਣ ਆਪਣੀ ਕਾਰ ਨਾਲ ਕਾਫੀ ਤੇਜ਼ ਰਫਤਾਰ ਨਾਲ ਲੰਘਿਆ ਤਾਂ ਉਸ ਦੇ ਬੇਟੇ ਹਰਮੀਤ ਸਿੰਘ ਨੇ ਉਸ ਨੂੰ ਗਲੀ ’ਚੋਂ ਕਾਰ ਹੋਲੀ ਲੰਘਾਉਣ ਬਾਰੇ ਕਿਹਾ ਤਾਂ ਉਹ ਤਹਿਸ ਵਿਚ ਆ ਕੇ ਗਾਲੀ ਗਲੋਚ ਕਰਨ ਲੱਗਾ।
ਇਸ ਦੌਰਾਨ ਪੁਲਸ ਕੁਆਰਟਰ ਵਿਚ ਰਹਿੰਦੇ ਹੋਰ ਪਰਿਵਾਰ ਵੀ ਆ ਗਏ ਅਤੇ ਮਾਮਲਾ ਖ਼ਤਮ ਹੋ ਗਿਆ। ਹਰਮੀਤ ਨੇ ਦੱਸਿਆ ਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਤਰੁਣ ਬਾਹਰੋਂ ਆਪਣੇ ਨਾਲ 10-12 ਸਾਥੀਆਂ ਨੂੰ ਲੈ ਕੇ ਉਸ ਦੇ ਘਰ ਦਾਖਲ ਹੋਇਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਵੀ ਕੀਤੀ। ਜਦੋਂ ਉਹ ਅਤੇ ਉਸ ਦਾ ਦੋਸਤ ਬਚਾਉਣ ਲਈ ਆਏ ਤਾਂ ਹਮਲਾਵਰਾਂ ਨੇ ਉਸ ਦੀ ਬਾਂਹ ਤੇ ਦਾਤਰ ਮਾਰ ਦਿੱਤਾ ਅਤੇ ਉਸ ਦੇ ਦੋਸਤ ਦੇ ਸਿਰ ’ਤੇ ਵੀ ਤਲਵਾਰ ਨਾਲ ਵਾਰ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।