ਤਰਨਤਾਰਨ — ਜ਼ਿਲ੍ਹੇ ਦੀ ਸੀ. ਆਈ. ਏ. ਸਟਾਫ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਇਕ ਮੌਜੂਦਾ ਨੰਬਰਦਾਰ ਨੂੰ 1 ਕਿਲੋ 104 ਗ੍ਰਾਮ ਹੈਰੋਇਨ ਅਤੇ ਇਕ ਬਿਨਾਂ ਨੰਬਰੀ ਕਾਰ ਸਮੇਤ ਗ੍ਰਿਫਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਪੁਲਸ ਨੇ ਇਸ ਮੁਲਜ਼ਮ ਖਿਲਾਫ ਥਾਣਾ ਖੇਮਕਰਨ ਵਿਖੇ ਪਰਚਾ ਦਰਜ ਕਰਦੇ ਹੋਏ ਮਾਣਯੋਗ ਅਦਾਲਤ ਕੋਲੋਂ ਹਾਸਲ ਕੀਤੇ ਰਿਮਾਂਡ ਦੌਰਾਨ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 5 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਇਲਾਕਿਆਂ ’ਚ ਗਸ਼ਤ ਕਰ ਰਹੀ ਪੁਲਸ ਪਾਰਟੀ ਜਦੋਂ ਰੇਲਵੇ ਫਾਟਕ ਖੇਮਕਰਨ ਵਿਖੇ ਮੌਜੂਦ ਸੀ ਤਾਂ ਖੁਫੀਆ ਸੂਤਰਾਂ ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਸੁਬਾਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਕਲਸ ਜ਼ਿਲ੍ਹਾ ਤਰਨਤਾਰਨ ਪਾਕਿਸਤਾਨ ’ਚ ਮੌਜੂਦ ਬਦਨਾਮ ਸਮੱਗਲਰਾਂ ਨਾਲ ਸੰਪਰਕ ਬਣਾਉਂਦੇ ਹੋਏ ਭਾਰਤ-ਪਾਕਿਸਤਾਨ ਬਾਰਡਰ ਰਾਹੀਂ ਵੱਖ-ਵੱਖ ਢੰਗ ਤਰੀਕਿਆਂ ਨੂੰ ਅਪਣਾਉਂਦੇ ਹੋਏ ਹੈਰੋਈਨ ਦੀਆਂ ਖੇਪਾਂ ਮੰਗਵਾ ਕੇ ਤਰਨਤਾਰਨ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਪਲਾਈ ਕਰਨ ਦਾ ਧੰਦਾ ਕਰਦਾ ਹੈ ਜੋ ਮੌਜੂਦਾ ਨੰਬਰਦਾਰ ਵੀ ਹੈ ਅਤੇ ਇਕ ਫੀਗੋ ਗੱਡੀ ਬਿਨਾਂ ਨੰਬਰੀ ’ਚ ਸਵਾਰ ਹੋ ਕੇ ਦਾਣਾ ਮੰਡੀ ਖੇਮਕਰਨ ਵਿਖੇ ਮੌਜੂਦ ਹੈ।
ਖੁਫੀਆ ਸੂਤਰਾਂ ਰਾਹੀਂ ਪ੍ਰਾਪਤ ਹੋਈ ਸੂਚਨਾ ਤਹਿਤ ਤੁਰੰਤ ਸੀ. ਆਈ. ਏ. ਸਟਾਫ ਦੀ ਪੁਲਸ ਪਾਰਟੀ ਵੱਲੋਂ ਦਾਣਾ ਮੰਡੀ ਖੇਮਕਰਨ ਨੂੰ ਘੇਰਾ ਪਾਉਂਦੇ ਹੋਏ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਉਸ ਦੀ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 1 ਕਿਲੋ 104 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।