ਬਠਿੰਡਾ- ਬਠਿੰਡਾ ਦੇ ਬਾਬਾ ਫਰੀਦ ਨਗਰ ਵਿਚ ਅਰਸ਼ਦੀਪ ਕੌਰ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਅਰਸ਼ਦੀਪ ਕੌਰ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਅਜੇ ਹੱਥ ਵਿਚੋਂ ਲਾਲ ਚੂੜਾ ਵੀ ਨਹੀਂ ਸੀ ਉਤਰਿਆ। ਦੂਜੇ ਪਾਸੇ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਸਹੁਰਿਆਂ ਵੱਲੋਂ ਉਸ ਦਾ ਕਤਲ ਕਰਨ ਦੇ ਦੋਸ਼ ਲਗਾਏ ਗਏ ਹਨ ਤੇ ਪੁਲਸ ਨੂੰ ਮਾਮਲਾ ਦਰਜ ਕਰ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅਰਸ਼ਦੀਪ ਕੌਰ ਨੇ IELTS ਕੀਤੀ ਹੋਈ ਸੀ ਤੇ ਉਸ ਦਾ ਵਿਦੇਸ਼ ਜਾਣ ਦਾ ਸੁਫ਼ਨਾ ਸੀ। ਪਰਿਵਾਰ ਨੇ ਚਾਈਂ-ਚਾਈਂ ਉਸ ਨੂੰ ਵਿਆਹ ਕੇ ਸਹੁਰੇ ਘਰ ਤੋਰਿਆ ਸੀ, ਪਰ 3 ਮਹੀਨੇ ਬਾਅਦ ਅਚਾਨਕ ਉਨ੍ਹਾਂ ਨੂੰ ਕੁੜੀ ਦੇ ਸਹੁਰਿਆਂ ਦੇ ਗੁਆਂਢ ਵਿਚੋਂ ਕਿਸੇ ਦਾ ਫ਼ੋਨ ਆਇਆ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਹੈ। ਇਹ ਖ਼ਬਰ ਸੁਣਦਿਆਂ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਕੁਲਦੀਪ ਸਿੰਘ, ਗੁਰਦੀਪ ਸਿੰਘ ਤੇ ਸ਼ੋਕੀ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਪਤਾ ਲੱਗਿਆ ਕਿ ਅਰਸ਼ਦੀਪ ਕੌਰ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਇਹ ਗੱਲ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ।