ਟਾਂਡਾ ਉੜਮੁੜ/ਚੰਡੀਗੜ੍ਹ— ਮੌਜੂਦਾ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਅੱਜ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਮੁੱਦਾ ਚੁੱਕਿਆ। ਵਿਧਾਇਕ ਰਾਜਾ ਗਿੱਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਵੰਤ ਸਿੰਘ ਸੰਧਵਾਂ ਰਾਹੀਂ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰ ਰਹੇ ਕਰਮਚਾਰੀਆਂ ਵੱਲ ਧਿਆਨ ਦਿਵਾਇਆ।
ਉਨ੍ਹਾਂ ਮੰਗ ਕੀਤੀ ਕਿ ਤਰਸ ਦੇ ਆਧਾਰ ‘ਤੇ ਸੇਵਾ ਮੁਕਤ ਹੋ ਚੁੱਕੇ ਕਰਮਚਾਰੀਆਂ ਵਾਸਤੇ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਜੋਕਿ ਸਰਕਾਰ ਵੱਲੋਂ ਮੰਨੀ ਗਈ ਹੈ ਅਤੇ ਇਸ ਸਕੀਮ ਨੂੰ ਨੇਪਰੇ ਚਾੜਨ ਲਈ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਲਾਗੂ ਕਰਕੇ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਜਾਵੇ। ਇਸ ਉਪਰੰਤ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅੱਜ ਹਰੇਕ ਵਰਗ ਦੇ ਲੋਕਾਂ ਲਈ ਯਤਨਸ਼ੀਲ ਹੈ ਅਤੇ ਲੋਕਾਂ ਨੇ ਜਿਸ ਆਸ ਅਤੇ ਉਮੀਦ ਨਾਲ ਪੰਜਾਬ ਵਿੱਚ ਸਰਕਾਰ ਦਾ ਗਠਨ ਕੀਤਾ ਸੀ, ਉਨ੍ਹਾਂ ਸਾਰੇ ਮੁੱਦਿਆਂ ਅਤੇ ਮੰਗਾਂ ਨੂੰ ਇਕ-ਇਕ ਕਰਕੇ ਸਰਕਾਰ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਹੋਰ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਭਰੋਸਾ ਮਿਲਿਆ ਹੈ ਕਿ ਜਲਦ ਹੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਲਾਗੂ ਕਰ ਦਿੱਤਾ ਜਾਵੇਗਾ। ਸਮੁੱਚੇ ਪੰਜਾਬ ਅੰਦਰ ਪੁਰਾਣੀ ਪੈਨਸ਼ਨ ਹੱਲ ਕਰਾਉਣ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਟਾਂਡਾ ਦੇ ਪ੍ਰਧਾਨ ਬਲਦੇਵ ਸਿੰਘ, ਗੌਰਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ, ਗੌਰਮੈਂਟ ਟੀਚਰ ਯੂਨੀਅਨ ਵੱਲੋਂ ਟਾਂਡਾ ਦੇ ਪ੍ਰਧਾਨ ਅਮਰ ਸਿੰਘ, ਫਰੈਂਸਗੜਦੀਵਾਲ ਅਤੇ ਨਰਿੰਦਰ ਮੰਗਲ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਇਹ ਪੰਜਾਬ ਪੱਧਰੀ ਮੁੱਦਾ ਚੁੱਕ ਕੇ ਜਾਣ ‘ਤੇ ਧੰਨਵਾਦ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਇਹ ਲੋੜ ਅਤੇ ਮੰਗ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।