ਪੰਜਾਬ ਸਰਕਾਰ ਦੇ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜਨ ਤਿੰਨ ਦਾ ਐਲਾਨ ਹੋ ਚੁੱਕਿਆ ਹੈ। ਖੇਡਾਂ ਦੀ ਸ਼ੁਰੂਵਾਤ ਇਸ ਵਾਰ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਤੋਂ ਹੋਣ ਜਾ ਰਹੀ ਹੈ। ਜਿਸ ਦਾ ਉਦਘਾਟਨ ਆਪ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 29 ਅਗਸਤ ਨੂੰ ਖੇਡਾਂ ਦਾ ਉਦਘਾਟਨ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਾਰ ‘ਹੀਰੋਜ਼ ਸਟੇਡੀਅਮ’ ਦੇ ਵਿੱਚ 29 ਅਗਸਤ ਨੂੰ ਸ਼ਾਮ 5 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੇਡਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਬਾਬਾ ਬੋਹੜ ਪੰਜਾਬੀ ਗਾਇਕ ਗੁਰਦਾਸ ਮਾਨ ਸਮੇਤ ਚਾਰ ਹੋਰ ਕਲਾਕਾਰ ਇੱਥੇ ਮੰਨੋਰੰਜਨ ਕਰਨਗੇ।
‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਲੈ ਕੇ ਬੱਚਿਆਂ ਦੇ ਵੱਲੋਂ, ਖਿਡਾਰੀਆਂ ਦੇ ਵੱਲੋਂ ਖੇਡਾਂ ਦੀ ਪ੍ਰੈਕਟਿਸ ਕੀਤੀ ਜਾ ਰਹੀ ਹੈ। ਸਿਵਿਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਰ ਇੱਕ ਤਰੀਕੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਨੌਜਵਾਨੀ ਨੂੰ ਉਤਸਾਹਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ‘ਖੇਡਾਂ ਵਤਨ ਪੰਜਾਬ ਦੀਆਂ’ ਹਨ। ਜਿਸ ਦੇ ਵਿੱਚ 9 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜੇਤੂ ਖਿਡਾਰੀਆਂ ਨੂੰ ਵੰਡੀ ਜਾਵੇਗੀ। ਇਸ ਦੇ ਨਾਲ ਖਿਡਾਰੀਆਂ ਦਾ ਉਤਸਾਹ ਵੀ ਵਧੇਗਾ ਅਤੇ ਨੌਜਵਾਨ ਵੱਧ ਝੜ ਕੇ ਖੇਡਾਂ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਹੋਣਗੇ। ਵੱਖ-ਵੱਖ ਉਮਰ ਵਰਗ ਦੇ ਖਿਡਾਰੀ ਇੰਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਪਾਉਣਗੇ ਅਤੇ 36 ਤਰੀਕੇ ਦੀਆਂ ਖੇਡਾਂ ਖੇਡੀਆਂ ਜਾਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਨੇ ਅੱਜ ਸਟੇਡੀਅਮ ਪਹੁੰਚੇ ਕੇ ਖੇਡਾਂ ਦੀ ਤਿਆਰੀਆਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਸੰਗਰੂਰ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਵੱਡਾ ਹਿੱਸਾ ਹਨ, ਜੇਕਰ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋਣਗੇ ਤਾਂ ਬੁਰੀਆਂ ਆਦਤਾਂ ਤੋਂ ਨੌਜਵਾਨ ਬਚੇ ਰਹਿਣਗੇ ਅਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ।