ਨਵਾਂਸ਼ਹਿਰ – ਕਈ ਦਹਾਕਿਆਂ ਤੋਂ ਅਣਗੌਲੇ ਰਹੇ ਸੂਬੇ ਦੇ ਦੋਆਬਾ ਖੇਤਰ ਨੂੰ 36 ਮਹੀਨਿਆਂ ਦੇ ਅੰਦਰ ਉਦੋਂ ਆਪਣਾ ਤੀਜਾ ਮੈਡੀਕਲ ਕਾਲਜ ਮਿਲ ਗਿਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਇਹ ਦੋਆਬਾ ਖੇਤਰ ਵਿੱਚ ਤੀਜਾ ਮੈਡੀਕਲ ਕਾਲਜ ਹੈ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਸੀ। ਮੁੱਖ ਮੰਤਰੀ ਦੀ ਦੂਰਦਰਸ਼ੀ ਪਹੁੰਚ ਕਾਰਨ ਦੋਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚੋਂ ਤਿੰਨ ਜਿੰਨਾਂ ਵਿੱਚ ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ ਹੁਣ ਸਰਕਾਰੀ ਮੈਡੀਕਲ ਕਾਲਜ ਹੋਣਗੇ। ਨਵਾਂ ਸਰਕਾਰੀ ਮੈਡੀਕਲ ਕਾਲਜ ਸਿਵਲ ਹਸਪਤਾਲ ਨਾਲ ਜੁੜੇਗਾ। ਇਸ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਗਿਆ ਅਤੇ ਇਹ ਸੰਸਥਾ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਕਾਲਜ ਵਿੱਚ ਐੱਮ. ਬੀ. ਬੀ. ਐੱਸ. ਦੀਆਂ 50 ਸੀਟਾਂ ਹੋਣਗੀਆਂ, ਜਿਸ ਨਾਲ ਮੈਡੀਕਲ ਸਿੱਖਿਆ ਇਸ ਖੇਤਰ ਦੇ ਵਿਦਿਆਰਥੀਆਂ ਦੀ ਪਹੁੰਚ ਵਿੱਚ ਹੋਵੇਗੀ। ਜ਼ਿਲ੍ਹਾ ਸਿਵਲ ਹਸਪਤਾਲ, ਐੱਸ. ਬੀ. ਐੱਸ. ਨਗਰ ਮੌਜੂਦਾ ਸਮੇਂ ਵਿੱਚ ਸੈਕੰਡਰੀ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਪਰ ਵਿਸ਼ੇਸ਼ ਡਾਕਟਰੀ ਸਹੂਲਤਾਂ ਦੀ ਘਾਟ ਹੈ। ਮੈਡੀਕਲ ਕਾਲਜ ਦੀ ਸਥਾਪਨਾ ਨਾਲ ਮਾਹਰ ਅਤੇ ਸੁਪਰ-ਸਪੈਸ਼ਲਿਸਟ ਡਾਕਟਰ 24 ਘੰਟੇ ਉਪਲੱਬਧ ਹੋਣਗੇ। ਮੈਡੀਸਨ, ਸਰਜਰੀ, ਬਾਲ ਰੋਗ, ਆਰਥੋਪੈਡਿਕਸ, ਗਾਇਨਾਕੋਲੋਜੀ ਅਤੇ ਐਮਰਜੈਂਸੀ ਦੇਖਭਾਲ ਵਿੱਚ ਨਵੇਂ ਵਿਭਾਗਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸੇ ਤਰ੍ਹਾਂ ਆਈ. ਸੀ. ਯੂ., ਟਰੌਮਾ ਸੈਂਟਰ ਅਤੇ ਡਾਇਗਨੌਸਟਿਕ ਲੈਬਾਂ ਨੂੰ ਵਧੇਰੇ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਅਪਗ੍ਰੇਡ ਕੀਤਾ ਜਾਵੇਗਾ। ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਡਾਕਟਰੀ ਉਪਕਰਨ ਅਤੇ ਤਕਨਾਲੋਜੀ ਪੇਸ਼ ਕੀਤੀ ਜਾਵੇਗੀ।