ਹੁਸ਼ਿਆਰਪੁਰ – ਮੁੱਖ ਮੰਤਰੀ ਭਗਵੰਤ ਮਾਨ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਅਧਿਆਪਕ ਰਾਜ ਪੁਰਸਕਾਰ ਵਣ ਸਮਾਰੋਹ ਵਿੱਚ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਸੂਬਾ ਪੱਧਰੀ ਸਮਾਗਮ ਦੌਰਾਨ 77 ਅਧਿਆਪਕਾਂ ਨੂੰ ਐਵਾਰਡ ਦਿੱਤੇ ਗਏ ਹਨ। 55 ਅਧਿਆਪਕਾਂ ਨੂੰ ਸਟੇਟ ਅਤੇ 10 ਨੂੰ ਯੰਗ ਟੀਚਰ ਐਵਾਰਡ ਦਿੱਤੇ ਗਏ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਧਿਆਪਕਾਂ ਦੀ ਹੋਰ ਭਰਤੀ ਕੀਤੀ ਜਾਵੇਗੀ, ਜਿਸ ਵਿਚ ਪੰਜਾਬੀ ਦੇ ਅਧਿਆਪਕਾਂ ਦੇ ਨਾਲ-ਨਾਲ ਹੋਰ ਵਿਸ਼ਿਆਂ ਦੇ ਅਧਿਆਪਕ ਵੀ ਹੋਣਗੇ।ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਇਸ ਵਾਰ 20 ਲੱਖ ਮਾਪਿਆਂ ਨੇ ਪੇਰੈਂਟਸ-ਟੀਚਰ ਮਿਲਣੀ ਵਿਚ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਪੜ੍ਹਨ ਅਤੇ ਪੜ੍ਹਾਉਣ ਦੇ ਤਰੀਕੇ ਤੱਕ ਬਦਲ ਗਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਈ ਸੈਂਕੜੇ ਅਧਿਆਪਕ ਸਿੰਗਾਪੁਰ ਵਿਖੇ ਪੜ੍ਹਾਉਣ ਦੇ ਤਰੀਕੇ ਸਿੱਖਣ ਲਈ ਟ੍ਰੇਨਿੰਗ ਲੈ ਕੇ ਆਏ ਹਨ। ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਬੇਹੱਦ ਦਾਖ਼ਲੇ ਹੋ ਰਹੇ ਹਨ। ਇਸ ਵਾਰ 158 ਸਰਕਾਰੀ ਬੱਚਿਆਂ ਨੇ ਜੇਈ ਦਾ ਇਮਤਿਹਾਨ ਪਾਸ ਕੀਤਾ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਹੜਾ ਅਧਿਆਪਕ ਸਲੇਬਸ ਦੇ ਨਾਲ-ਨਾਲ ਜ਼ਿੰਦਗੀ ਦੀਆਂ ਗੱਲਾਂ ਵੀ ਪੜ੍ਹਾਉਂਦਾ ਹੈ, ਉਹ ਅਧਿਆਪਕ ਹੀ ਬੱਚਿਆਂ ਦਾ ਪਸੰਦੀਦਾ ਅਧਿਆਪਕ ਹੁੰਦਾ ਹੈ।