ਪੰਜਾਬ ਕਲਾ ਭਵਨ ਚੰਡੀਗੜ੍ਹ ’ਚ ਇੱਕ ਸਮਾਗਮ ਦੌਰਾਨ ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ “ਕਿੱਥੇ ਤੁਰ ਗਿਆਂ ਯਾਰਾ” ਗੀਤ ਅਤੇ ਵੀਡਿਓ ਰਲੀਜ ਕੀਤਾ ਗਿਆ। ਦਰਅਸਲ ਇਸ ਗੀਤ ਨੂੰ ਹਰਪ੍ਰੀਤ ਸੇਖੋਂ ਵੱਲੋਂ ਲਿਖਿਆ ਗਿਆ ਹੈ ਤੇ ਇਸ ਗੀਤ ਨੂੰ ਪਦਮ ਸ੍ਰੀ ਗਾਇਕ ਹੰਸ ਰਾਜ ਹੰਸ ਨੇ ਆਪਣੀ ਆਵਾਜ਼ ਦਿੱਤੀ ਹੈ।
ਪੰਜਾਬ ਕਲਾ ਭਵਨ ’ਚ ਹੋਏ ਇਸ ਪ੍ਰੋਗਰਾਮ ’ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮਰਹੂਮ ਸੁਰਿੰਦਰ ਛਿੰਦਾ ਵੱਲੋਂ ਗਾਏ ਗੀਤਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਹਾਸਲ ਹੋਈ ਹੈਸ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਛਿੰਦਾ ਜੀ ਨੇ ਆਪਣੇ ਗੀਤਾਂ ਰਾਹੀ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਇਤਿਹਾਸ ਨਾਲ ਅਜੋਕੀ ਪੀੜੀ ਨੂੰ ਰੁਬਰੂ ਕਰਵਾਇਆ ਹੈ।
ਦਰਅਸਲ ਅੱਜ ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ ਸੀ। ਇਸ ਮੌਕੇ ਮਰਹੂਮ ਗਾਇਕ ਨੂੰ ਸਮਰਪਿਤ ‘ਕਿੱਥੇ ਤੁਰ ਗਿਆਂ ਯਾਰਾ‘ ਗੀਤ ਲਿਖਣ ਵਾਲੇ ਹਰਪ੍ਰੀਤ ਸਿੰਘ ਸੇਖੋਂ ਵੱਲੋਂ ਇਹ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਵਰਗੀ ਸੁਰਿੰਦਰ ਛਿੰਦਾ ਨਾਲ ਬਹੁਤ ਨੇੜਲੀ ਸਾਂਝ ਸੀ ਅਤੇ ਇੱਕ ਸਾਲ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਇੰਝ ਲੱਗਦਾ ਹੈ ਜਿਵੇਂ ਉਹ ਸਾਡੇ ਅੰਗ-ਸੰਗ ਹੋਣ।