ਹਰਿਆਣਾ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ’ਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ। ਸਮਾਰੋਹ ਵਿੱਚ 75 ਸਾਲ ਤੋਂ ਵੱਧ ਉੱਮਰ ਦੇ ਰੁੱਖਾਂ ਦੀ ਪੂਜਾ ਕਰਕੇ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਵੱਧ ਉੱਮਰ ਦੇ ਰੁੱਖਾਂ ਨੂੰ ਪ੍ਰਾਣ ਵਾਯੂ ਦੇਵਤਾ ਵੱਜੋਂ ਸਨਮਾਨ ਦਿੱਤਾ ਗਿਆ ਤੇ ਪੂਜਾ ਕੀਤੀ ਗਈ। ਇਸ ਦੇ ਨਾਲ ਹੀ ਕੁਦਰਤ ਪ੍ਰਤੀ ਡੂੰਘੇ ਪਿਆਰ ਅਤੇ ਸਤਿਕਾਰ ਨੂੰ ਵੀ ਉਤਸ਼ਾਹਿਤ ਕੀਤਾ ਗਿਆ।
ਜ਼ਿਲ੍ਹਾ ਗੁਰੂਗ੍ਰਾਮ ਦੇ ਭੋਂਡਸੀ ਵਿੱਚ ਕਰਵਾਏ ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਸ਼੍ਰੀ ਅਨੰਤ ਪ੍ਰਕਾਸ਼ ਪਾਂਡੇ, APCCF (ਦੱਖਣੀ) ਅਤੇ ਸ਼੍ਰੀ ਰਾਜੀਵ ਤੇਜਯਨ, DFO ਗੁਰੂਗ੍ਰਾਮ ਨੇ ਸਾਂਝੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਜੰਗਲਾਤ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਭਾਈਚਾਰੇ ਦੇ ਨੁਮਾਇੰਦੇ ਵੀ ਸਮਾਰੋਹ ਵਿੱਚ ਸ਼ਾਮਲ ਹੋਏ। ਸਮਾਰੋਹ ਦੇ ਆਯੋਜਨ ਨੂੰ ਲੈ ਕੇ ਸ਼੍ਰੀ ਅਨੰਤ ਪ੍ਰਕਾਸ਼ ਪਾਂਡੇ ਨੇ ਦੱਸਿਆ ਕਿ ਵਾਤਾਵਰਨ ਦੀ ਸੁਰੱਖਿਆ ਅੱਜ ਦੇ ਸਮੇਂ ਦੀ ਲੋੜ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਪੌਦਿਆਂ ਦੀ ਦੇਖਭਾਲ ਵੀ ਯਕੀਨੀ ਕਰਨੀ ਚਾਹੀਦੀ ਹੈ।
ਗੁਰੂਗ੍ਰਾਂਮ ਤੋਂ ਇਲਾਵਾ ਇਸੇ ਤਰ੍ਹਾਂ ਦੇ ਪ੍ਰੋਗਰਾਮ ਦੱਖਣੀ ਸਰਕਲ ਦੇ ਸਾਰੇ ਡਿਵੀਜ਼ਨਾਂ ਵਿੱਚ ਕਰਵਾਏ ਗਏ, ਜਿਨ੍ਹਾਂ ਵਿੱਚ ਫਰੀਦਾਬਾਦ, ਰੇਵਾੜੀ, ਪਲਵਲ, ਨੂਹ ਅਤੇ ਮੇਵਾਤ ਸ਼ਾਮਿਲ ਹੈ। ਇੱਕੋ ਸਮੇ ਕਰਵਾਏ ਗਏ ਇਸ ਸਮਾਗਮ ਵਿੱਚ ਹਰੇਕ ਡਵੀਜ਼ਨ ਵਿੱਚ ਸਬੰਧਤ ਡਿਵੀਜ਼ਨਲ ਜੰਗਲਾਤ ਅਫ਼ਸਰ ਸਮੇਤ ਜੰਗਲਾਤ ਸਟਾਫ਼ ਨੇ ਇਨ੍ਹਾਂ ਸਥਾਨਕ ਜਸ਼ਨਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।