ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ 64 ਦਿਨਾਂ ਬਾਅਦ ਇਕ ਵਾਰ ਫਿਰ ਜਾਨਲੇਵਾ ਹਮਲਾ ਹੋਇਆ ਹੈ। ਰਿਪੋਰਟ ਦੇ ਮੁਤਾਬਕ ਟਰੰਪ ਫਲੋਰੀਡਾ ਦੇ ਪਾਮ ਬੀਚ ਕਾਉਂਟੀ ਵਿੱਚ ਅੰਤਰਰਾਸ਼ਟਰੀ ਗੋਲਫ ਕਲੱਬ ਵਿੱਚ ਖੇਡ ਰਹੇ ਸਨ, ਜਦੋਂ ਉਨ੍ਹਾਂ ’ਤੇ ਹਮਲਾ ਹੋਇਆ। ਹਾਲਾਂਕਿ ਸੀਕ੍ਰੇਟ ਸਰਵਿਸ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਸੁਰੱਖਿਅਤ ਹਨ।
ਹੁਣ ਇਸ ਘਟਨਾ ਦੀ ਜਾਂਚ ਦੀ ਜ਼ਿੰਮੇਵਾਰੀ ਐਫਬੀਆਈ ਨੂੰ ਦਿੱਤੀ ਗਈ ਹੈ। ਐਫਬੀਆਈ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਕਤਲ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਕੋਲ ਇੱਕ ਏਕੇ-47 ਵਰਗੀ ਰਾਈਫਲ ਸੀ, ਜਿਸ ਵਿੱਚ ਬੈਰਲ ਅਤੇ ਇੱਕ ਗੋਪਰੋ ਕੈਮਰਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਟਰੰਪ 5ਵੇਂ ਹੋਲ ਕੋਲ ਖੇਡ ਰਹੇ ਸਨ ਤਾਂ ਸੀਕ੍ਰੇਟ ਸਰਵਿਸ ਏਜੰਟਾਂ ਨੇ ਝਾੜੀਆਂ ‘ਚ ਰਾਈਫਲ ਬੈਰਲ ਦੇਖਿਆ, ਜਿਸ ਤੋਂ ਬਾਅਦ ਏਜੰਟਾਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕੀਤੀ। ਉਸ ਸਮੇਂ ਟਰੰਪ ਅਤੇ ਹਮਲਾਵਰ ਵਿਚਕਾਰ 300 ਤੋਂ 500 ਮੀਟਰ ਦੀ ਦੂਰੀ ਸੀ। ਸੀਕਰੇਟ ਸਰਵਿਸ ਮੁਤਾਬਕ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟਰੰਪ ਨੂੰ ਗੋਲੀ ਮਾਰੀ ਗਈ ਸੀ ਜਾਂ ਨਹੀਂ। ਫਿਲਹਾਲ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਹਿਚਾਣ 58 ਸਾਲਾਂ ਰਿਆਨ ਰੋਥ ਵਜੋਂ ਹੋਈ ਹੈ।
ਪਾਮ ਬੀਚ ਕਾਉਂਟੀ ਦੇ ਸ਼ੈਰਿਫ ਰਿਕ ਬ੍ਰੈਡਸ਼ਾ ਦੇ ਅਨੁਸਾਰ, ਏਜੰਟਾਂ ਦੁਆਰਾ ਗੋਲੀਬਾਰੀ ਕਰਨ ਤੋਂ ਬਾਅਦ, ਸ਼ੱਕੀ ਝਾੜੀਆਂ ਵਿੱਚੋਂ ਨਿਕਲਿਆ ਅਤੇ ਆਪਣੀ ਕਾਲੀ SUV ਵਿੱਚ ਭੱਜ ਗਿਆ। ਇਸ ਦੌਰਾਨ ਇੱਕ ਚਸ਼ਮਦੀਦ ਨੇ ਨੰਬਰ ਪਲੇਟ ਦੇ ਨਾਲ ਗੱਡੀ ਦੀ ਤਸਵੀਰ ਖਿੱਚ ਲਈ। ਇਸ ਤੋਂ ਬਾਅਦ ਕਾਰ ਨੂੰ ਕਲੱਬ ਦੇ ਉੱਤਰ ਵਿੱਚ ਮਾਰਟਿਨ ਕਾਉਂਟੀ ਵਿੱਚ ਰੋਕਿਆ ਗਿਆ ਅਤੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ੱਕੀ ਵੱਲੋਂ ਗੋਲੀ ਕਿਉਂ ਚਲਾਈ ਗਈ ਜਾਂ ਕਿਸ ਕਾਰਨ ਚਲਾਈ ਗਈ, ਇਸ ਮਾਮਲੇ ਦੀ ਜਾਂਚ ਅਜੇ ਐੱਫਬੀਆਈ ਕਰ ਰਹੀ ਹੈ।