ਸਿਹੋਰ : ਸਿਹੋਰ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਹਰੇਕ ਮਾਤਾ-ਪਿਤਾ ਨੂੰ ਹਿਲਾ ਕੇ ਰੱਖ ਦਿੱਤਾ। ਦੱਸ ਦੇਈਏ ਕਿ ਜਹਾਂਗੀਰਪੁਰ ਪਿੰਡ ਵਿੱਚ ਇਕ ਪਰਿਵਾਰ ਦੇ ਮੈਂਬਰਾਂ ਨੇ ਲਾਡ-ਪਿਆਰ ਵਿਚ ਆਪਣੇ ਡੇਢ ਸਾਲ ਦੇ ਪੁੱਤਰ ਨੂੰ ਜੈਲੀ ਖੁਆ ਦਿੱਤੀ ਪਰ ਇਹ ਮਿਠਾਸ ਉਸਦੀ ਜ਼ਿੰਦਗੀ ਦੀ ਆਖਰੀ ਮਿਠਾਸ ਸਾਬਤ ਹੋਈ। ਜੈਲੀ ਦੀ ਟੌਫੀ ਮਾਸੂਮ ਆਯੁਸ਼ ਲੋਧੀ ਦੇ ਗਲੇ ਵਿੱਚ ਫਸ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸਨੂੰ ਸਿਹੋਰ ਦੇ ਜ਼ਿਲ੍ਹਾ ਹਸਪਤਾਲ ਵਿਚ ਲੈ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦੇਈਏ ਕਿ ਇਹ ਕੋਈ ਆਮ ਹਾਦਸਾ ਨਹੀਂ ਹੈ। ਇਹ ਸਾਰੇ ਮਾਤਾ-ਪਿਤਾ ਲਈ ਇੱਕ ਡੂੰਘੀ ਚੇਤਾਵਨੀ ਹੈ। ਪਿਆਰ ਵਿੱਚ ਕੀਤੀ ਗਈ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਤੋਂ ਸਭ ਤੋਂ ਕੀਮਤੀ ਹੀਰਾ ਖੋਹ ਸਕਦੀ ਹੈ। ਜਹਾਂਗੀਰਪੁਰ ਦੇ ਰਹਿਣ ਵਾਲੇ ਕਰਨ ਸਿੰਘ ਲੋਧੀ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ ਡੇਢ ਸਾਲ ਦੇ ਪੁੱਤਰ ਆਯੂਸ਼ ਨੂੰ ਬਹੁਤ ਪਿਆਰ ਕਰਦੇ ਸਨ। ਆਯੂਸ਼ ਪੂਰੇ ਘਰ ਦਾ ਲਾਡਲਾ ਸੀ। ਪਰਿਵਾਰ ਨੇ ਉਸਨੂੰ ਖੁਸ਼ ਕਰਨ ਲਈ ਜੈਲੀ ਖਾਣ ਲਈ ਦਿੱਤੀ। ਜਿਵੇਂ ਹੀ ਆਯੂਸ਼ ਨੇ ਜੈਲੀ ਖਾਧੀ, ਉਹ ਅਚਾਨਕ ਰੋਣ ਲੱਗ ਪਿਆ ਅਤੇ ਉਸ ਨੇ ਜ਼ੋਰ-ਜ਼ੋਰ ਨਾਲ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦੇ ਮੈਂਬਰਾਂ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ, ਪਰ ਜਦੋਂ ਬੱਚੇ ਦੀ ਹਾਲਤ ਤੇਜ਼ੀ ਨਾਲ ਵਿਗੜਨ ਲੱਗੀ, ਤਾਂ ਉਨ੍ਹਾਂ ਨੇ ਉਸਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ।
ਜਾਂਚ ਤੋਂ ਪਤਾ ਲੱਗਾ ਕਿ ਜੈਲੀ ਬੱਚੇ ਦੇ ਗਲੇ ਵਿੱਚ ਫਸ ਗਈ ਸੀ ਅਤੇ ਇਸ ਕਾਰਨ ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਬੱਚੇ ਦੀ ਮੌਤ ਦਮ ਘੁੱਟਣ ਕਾਰਨ ਹੋਈ। ਸਿਵਲ ਸਰਜਨ ਪ੍ਰਵੀਰ ਗੁਪਤਾ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਵਿੱਚ ਭੋਜਨ ਨਿਗਲਣ ਦੀ ਸਮਰੱਥਾ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੀ। 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੋਲ, ਚਿਪਚਿਪੀ, ਸਖ਼ਤ ਜਾਂ ਤਿਲਕਣ ਵਾਲੀਆਂ ਚੀਜ਼ਾਂ ਦੇਣਾ ਖ਼ਤਰਨਾਕ ਹੋ ਸਕਦਾ ਹੈ। ਇਹ ਚੀਜ਼ਾਂ ਗਲੇ ਵਿੱਚ ਫਸ ਸਕਦੀਆਂ ਹਨ ਅਤੇ ਦਮ ਘੁੱਟਣ ਦਾ ਕਾਰਨ ਬਣ ਸਕਦੀਆਂ ਹਨ।