ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਵਧਦੀ ਠੰਢ ਕਾਰਨ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਸਕੂਲਾਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ ਪਰ ਪ੍ਰੀਖਿਆਵਾਂ ਦੇ ਦਿਨਾਂ ਦੌਰਾਨ ਇਨ੍ਹਾਂ ਛੁੱਟੀਆਂ ਦਾ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਕੋਈ ਅਸਰ ਨਾ ਪਵੇ, ਇਸ ਲਈ ਸਕੂਲਾਂ ਨੇ ਆਨਲਾਈਨ ਕਲਾਸਾਂ ਦਾ ਫਾਰਮੂਲਾ ਵਰਤਣ ਦਾ ਪ੍ਰਬੰਧ ਕੀਤਾ ਹੈ।
ਸਕੂਲਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਜਿਥੇ ਇਕ ਪਾਸੇ ਸਰਕਾਰ ਦੇ ਹੁਕਮ ਲਾਗੂ ਹੋਣਗੇ, ਉੱਥੇ ਹੀ ਬੱਚਿਆਂ ਦੀ ਪੜ੍ਹਾਈ ’ਤੇ ਵੀ ਕੋਈ ਅਸਰ ਨਹੀਂ ਪਵੇਗਾ। ਜਾਣਕਾਰੀ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜਨਵਰੀ ਤੋਂ ਕਈ ਸਕੂਲਾਂ ’ਚ ਕਲਾਸਾਂ ਸ਼ੁਰੂ ਹੋਣੀਆਂ ਸਨ ਪਰ ਸਰਕਾਰ ਦੇ ਅਚਾਨਕ ਆਏ ਹੁਕਮਾਂ ਨੇ ਪ੍ਰਿੰਸੀਪਲਾਂ ਦੀ ਸਿਰਦਰਦੀ ਵਧਾ ਦਿੱਤੀ ਹੈ।
ਸੀ. ਬੀ. ਐੱਸ. ਈ. ਸਕੂਲਾਂ ’ਚ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 15 ਫਰਵਰੀ ਅਤੇ ਆਈ. ਸੀ. ਐੱਸ. ਈ. ਐਫੀਲੇਸ਼ਨ ਨਾਲ ਸਬੰਧਤ ਸਕੂਲਾਂ ’ਚ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਪਰਫਾਰਮੈਂਸ ਚੈੱਕ ਕਰਨ ਲਈ ਸਕੂਲ ਪ੍ਰੀ-ਬੋਰਡ ਐਗਜ਼ਾਮ ਕਰਵਾਉਂਦੇ ਹਨ, ਤਾਂ ਕਿ ਵਿਦਿਆਰਥੀ ਦੀਆਂ ਵਿਸ਼ੇ ਨਾਲ ਸਬੰਧਤ ਕਮੀਆਂ ਨੂੰ ਸਮੇਂ ਸਿਰ ਸੁਧਾਰਿਆ ਜਾ ਸਕੇ।