ਸੂਬੇ ਵਿੱਚ ਜਨਤਕ ਸੇਵਾਵਾਂ ਦੇ ਵਿਸਥਾਰ ਲਈ ਪੰਜਾਬ ਪੁਲਿਸ ਦੇ ਸੂਬਾ ਪੱਧਰੀ ਯਤਨਾਂ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਜਨਤਾ ਅਤੇ ਪੁਲਿਸ ਕਰਮੀਆਂ ਦੋਵਾਂ ਦੀ ਸਹੂਲਤ ਲਈ ਮਜ਼ਬੂਤ ਪੁਲਿਸ ਬੁਨਿਆਦੀ ਢਾਂਚਾ ਵਿਕਸਤ ਕਰਨ ਵਾਸਤੇ ਸੰਗਰੂਰ ਜ਼ਿਲ੍ਹੇ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਅਤਿ-ਆਧੁਨਿਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਉਦਘਾਟਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਇਹ ਪੁਲਿਸ ਸਟੇਸ਼ਨ ਆਨਲਾਈਨ ਵਿੱਤੀ ਧੋਖਾਧੜੀ, ਪਛਾਣ ਸਬੰਧੀ ਚੋਰੀ/ਛੇੜਛਾੜ, ਸਾਈਬਰ ਬੁਲਿੰਗ, ਹੈਕਿੰਗ ਅਤੇ ਆਨਲਾਈਨ ਘੁਟਾਲਿਆਂ ਸਮੇਤ ਸਾਈਬਰ-ਸਬੰਧਤ ਅਪਰਾਧਾਂ ਦੀ ਜਾਂਚ ਅਤੇ ਇਸ ਨਾਲ ਨਜਿੱਠਣ ਲਈ ਸਮਰਪਿਤ ਕੇਂਦਰ ਵਜੋਂ ਕੰਮ ਕਰੇਗਾ। ਇਸ ਪੁਲਿਸ ਸਟੇਸ਼ਨ ਨੂੰ ਨਵੀਨਤਮ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਵਿੱਚ ਡਿਜ਼ੀਟਲ ਫੋਰੈਂਸਿਕ ਅਤੇ ਸਾਈਬਰ ਕ੍ਰਾਈਮ ਜਾਂਚ ਵਿੱਚ ਮਾਹਰ ਉੱਚ ਸਿਖਲਾਈ ਪ੍ਰਾਪਤ ਕਰਮਚਾਰੀਆਂ ਸ਼ਾਮਲ ਹਨ।
ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਨਾਲ ਨਵੇਂ ਬਣੇ ਪੁਲਿਸ ਸਟੇਸ਼ਨ ਦਾ ਦੌਰਾ ਕੀਤਾ ਤੇ ਇਥੇ ਤਾਇਨਾਤ ਸਮੂਹ ਪੁਲਿਸ ਮੁਲਾਜ਼ਮਾਂ ਅਤੇ ਸਟਾਫ ਨਾਲ ਗੱਲਬਾਤ ਕੀਤੀ। ਇਸ ਪੁਲਿਸ ਸਟੇਸ਼ਨ ਵਿੱਚ ਐਸ.ਐਚ.ਓ. ਦਾ ਕਮਰਾ, ਦੋ ਜਾਂਚਕਰਤਾਵਾਂ ਦੇ ਕਮਰੇ, ਸੀ.ਸੀ.ਟੀ.ਐਨ.ਐਸ. ਕਮਰਾ ਅਤੇ ਹਵਾਲਾਤ ਸ਼ਾਮਲ ਹੈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਉਦਘਾਟਨ ਤੋਂ ਇਲਾਵਾ, ਸ਼ੁਰੂ ਕੀਤੀਆਂ ਗਈਆਂ ਹੋਰਨਾਂ ਮੁੱਖ ਪਹਿਲਕਦਮੀਆਂ ਵਿੱਚ ਪੁਲਿਸ ਦਫ਼ਤਰਾਂ ਵਿੱਚ ਆਉਣ ਵਾਲੇ ਨਾਗਰਿਕਾਂ ਲਈ ਬੈਠਣ ਦੇ ਵਾਧੂ ਖੇਤਰ ਵਾਲੀ ਵਿਸਤ੍ਰਿਤ ਕੰਟੀਨ, ਦਫ਼ਤਰ ਕੰਪਲੈਕਸ ਦੇ ਨੇੜੇ ਵਿਜ਼ਿਟਰਾਂ ਦੇ ਬੈਠਣ ਲਈ ਸੁਵਿਧਾਜਨਕ ਜਨਤਕ ਸ਼ੈੱਡ ਅਤੇ ਅਧਿਕਾਰੀਆਂ ਲਈ ਮੁਰੰਮਤ ਕੀਤੀ ਗਈ ਗਜ਼ਟਿਡ ਅਫਸਰਜ਼ ਮੈਸ ਸ਼ਾਮਲ ਹੈ। ਇਸ ਤੋਂ ਇਲਾਵਾ, ਡੀਜੀਪੀ ਗੌਰਵ ਯਾਦਵ ਨੇ ਅਪਗ੍ਰੇਡ ਕੀਤੇ ਜ਼ਿਲ੍ਹਾ ਪੁਲਿਸ ਕੰਪਲੈਕਸ ਜਿਸ ਨੂੰ ਲੋਕਾਂ ਦੀ ਵੱਧ ਰਹੀ ਆਮਦ ਨੂੰ ਕੁਸ਼ਲਤਾ ਨਾਲ ਨਜਿੱਠਣ ਲਈ ਤਿਆਰ ਕੀਤਾ ਗਿਆ ਹੈ, ਦਾ ਵੀ ਉਦਘਾਟਨ ਕੀਤਾ। ਇਸ ਦੇ ਨਾਲ ਹੀ ਜਨਤਕ ਕਾਰ ਪਾਰਕਿੰਗ ਲਈ ਇੱਕ ਨੀਂਹ ਪੱਥਰ ਵੀ ਰੱਖਿਆ ਗਿਆ, ਜਿਸ ਨਾਲ ਆਮ ਜਨਤਾ ਨੂੰ ਕਾਫ਼ੀ ਲਾਭ ਹੋਵੇਗਾ।