ਇਜ਼ਰਾਇਲ ਤੇ ਗਾਜ਼ਾ ਵਿਚਾਲੇ ਜੰਗ ਰੁੱਕਣ ਦਾ ਨਾਂਅ ਨਹੀਂ ਲੈ ਰਹੀ। ਇਸ ਵਿਚਾਲੇ 18 ਸਤੰਬਰ ਨੂੰ ਲੇਬਨਾਨ ਦੇ ਕਈ ਸ਼ਹਿਰਾਂ ਵਿੱਚ ਲੋਕਾਂ ਦੀਆਂ ਜੇਬਾਂ ਅਤੇ ਹੱਥਾਂ ਵਿੱਚ ਰੱਖੇ ਪੇਜਰ ਅਚਾਨਕ ਘਰਾਂ, ਗਲੀਆਂ ਅਤੇ ਬਾਜ਼ਾਰਾਂ ਵਿੱਚ ਫਟਣ ਲੱਗੇ। ਲੇਬਨਾਨ ਤੋਂ ਸੀਰੀਆ ਤੱਕ ਧਮਾਕਿਆਂ ਦਾ ਸਿਲਸਿਲਾ ਕਰੀਬ ਇਕ ਘੰਟੇ ਤੱਕ ਜਾਰੀ ਰਿਹਾ। ਇਨ੍ਹਾਂ ਧਮਾਕਿਆਂ ‘ਚ 11 ਲੋਕਾਂ ਦੀ ਮੌਤ ਹੋ ਗਈ, ਜਦੋਕਿ 3000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਹਿਜ਼ਬੁੱਲਾ ਨੂੰ ਨਿਸ਼ਾਨਾ ਬਣਾ ਕੇ ਲੜੀਵਾਰ ਪੇਜਰ ਧਮਾਕੇ ਸਨ, ਪਰ ਇਸ ਦੌਰਾਨ ਆਮ ਨਾਗਰਿਕਾਂ ਨੂੰ ਵੀ ਜਾਨੀ ਨੁਕਸਾਨ ਹੋਇਆ ਹੈ। ਜ਼ਖਮੀਆਂ ਵਿਚ ਈਰਾਨ ਦਾ ਰਾਜਦੂਤ ਵੀ ਸ਼ਾਮਲ ਹੈ। ਇੰਨ੍ਹਾਂ ਧਮਾਕਿਆਂ ਤੋਂ ਬਾਅਦ ਹਿਜ਼ਬੁੱਲਾ ਨੇ ਇਜ਼ਰਾਈਲ ‘ਤੇ ਧਮਾਕਿਆਂ ਦਾ ਦੋਸ਼ ਲਗਾਇਆ ਹੈ।
ਤੁਹਾਨੂੰ ਦੱਸ ਦਈਏ ਕਿ ਲੇਬਨਾਨ ਦੇ ਜ਼ਿਆਦਾਤਰ ਇਲਾਕਿਆਂ ‘ਤੇ ਹਿਜ਼ਬੁੱਲਾ ਦਾ ਕੰਟਰੋਲ ਹੈ। ਇਸ ਸੰਗਠਨ ਨੇ ਆਪਣੇ ਲੜਾਕਿਆਂ ਨੂੰ ਹੈਕਿੰਗ ਅਤੇ ਹਮਲਿਆਂ ਦੇ ਖਤਰੇ ਤੋਂ ਬਚਣ ਲਈ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਇਸ ਕਾਰਨ ਇੱਥੇ ਲੋਕ ਪੇਜਰਸ ਦੀ ਵਰਤੋਂ ਕਰਦੇ ਹਨ।
ਦੂਜਾ ਪਾਸੇ ਅਮਰੀਕੀ ਮੀਡੀਆ ਹਾਊਸ ਦੇ ਮੁਤਾਬਕ ਇਹ ਸੰਭਵ ਹੈ ਕਿ ਪੇਜਰਾਂ ਨੂੰ ਹੈਕ ਕੀਤਾ ਗਿਆ ਹੋ ਸਕਦਾ ਹੈ ਅਤੇ ਉਨ੍ਹਾਂ ਵਿੱਚ ਲਿਥੀਅਮ ਬੈਟਰੀਆਂ ਜ਼ਿਆਦਾ ਗਰਮ ਹੋ ਗਈਆਂ ਹੋਣ ਅਤੇ ਧਮਾਕਾ ਕੀਤਾ ਗਿਆ ਹੋਵੇ। ਹਾਲਾਂਕਿ, ਇਹ ਸੰਭਾਵਨਾ ਨਾਮੁਮਕਿਨ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਵਿਸ਼ਲੇਸ਼ਕ ਡੇਵਿਡ ਕੈਨੇਡੀ ਦੇ ਅਨੁਸਾਰ, ਜਿਸ ਤਰ੍ਹਾਂ ਦੇ ਧਮਾਕੇ ਹੋਏ ਹਨ, ਉਹ ਡਿਵਾਈਸ ਨੂੰ ਹੈਕ ਕਰਨ ਨਾਲ ਬੈਟਰੀ ਦੇ ਜ਼ਿਆਦਾ ਗਰਮ ਹੋਣ ਨਾਲ ਨਹੀਂ ਹੋ ਸਕਦੇ ਹਨ।