ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਲਗਾਤਾਰ ਪੈ ਰਹੇ ਮੀਂਹ ਵਿਚਾਲੇ ਜ਼ਿਲ੍ਹਾ ਹੈੱਡ ਕੁਆਰਟਰ ਤੋਂ 9 ਕਿਲੋਮੀਟਰ ਦੂਰ ਹੈਦਰਗੜ੍ਹ ਮਾਰਗ ‘ਤੇ ਰੋਡਵੇਜ਼ ਦੀ ਠੇਕੇ ਵਾਸੀ ਬੱਸ ‘ਤੇ ਦਰੱਖਤ ਡਿੱਗ ਗਿਆ। ਇਸ ਹਾਦਸੇ ‘ਚ ਚਾਰ ਔਰਤਾਂ ਸਣੇ 5 ਲੋਕਾਂ ਦੀ ਮੌਤ ਹੋ ਗਈ। ਇਕ ਔਰਤ ਦੀ ਪਛਾਣ ਸ਼ਹਿਰ ਦੇ ਮੁਹੱਲਾ ਗੁਲਰੀਆ ਗਾਰਦਾ ਦੀ ਰਹਿਣ ਵਾਲੀ ਸ਼ਿਕਸ਼ਾ ਮੇਹਰੋਤਰਾ (53) ਵਜੋਂ ਹੋਈ ਹੈ। ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਤਿੰਨ ਹੋਰ ਔਰਤਾਂ ਦੀ ਉਮਰ 40 ਤੋਂ 45 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਬੱਸ ‘ਚ ਕਰੀਬ 40 ਲੋਕ ਸਵਾਰ ਸਨ। ਦਰੱਖਤ ਕੱਟ ਕੇ ਲੋਕਾਂ ਨੂੰ ਕੱਢਿਆ ਗਿਆ। ਹਾਦਸੇ ਤੋਂ ਬਾਅਦ ਕਈ ਯਾਤਰੀ ਖਿੜਕੀ ਤੋਂ ਛਾਲ ਮਾਰ ਕੇ ਨਿਕਲੇ। ਮੀਂਹ ਦੌਰਾਨ ਹੋਏ ਹਾਦਸੇ ਕਾਰਨ ਰਾਹਤ ਤੇ ਬਚਾਅ ਕੰਮ ‘ਚ ਦੇਰ ਹੋ ਰਹੀ ਹੈ।
ਇਸ ਦੌਰਾਨ ਬੱਸ ‘ਚ ਫਸੀ ਇਕ ਮਹਿਲਾ ਯਾਤਰੀ ਦਾ ਲੋਕ ਵੀਡੀਓ ਬਣਾਉਣ ਲੱਗਾ। ਇਸ ਦੌਰਾਨ ਉਸ ਨੇ ਕਿਹਾ,”ਇੱਥੇ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਅਤੇ ਤੁਸੀਂ ਵੀਡੀਓ ਬਣਾ ਰਹੇ ਹੋ, ਜੇਕਰ ਆ ਕੇ ਦਰੱਖਤ ਦੀ ਟਾਹਲੀ ਹਟਾਉਣ ‘ਚ ਮਦਦ ਕਰਦੇ ਤਾਂ ਅਸੀਂ ਲੋਕ ਬਾਹਰ ਨਿਕਲ ਆਉਂਦੇ।” ਜਿਸ ਤੋਂ ਬਾਅਦ ਵੀਡੀਓ ਸ਼ੂਟ ਕਰ ਰਹੇ ਮੁੰਡੇ ਨੂੰ ਭੀੜ ਨੇ ਉੱਥੋਂ ਹਟਾ ਦਿੱਤਾ। ਪੁਲਸ ਸੂਤਰਾਂ ਅਨੁਸਾਰ ਰੋਡਵੇਜ਼ ਬੱਸ ਸਵਾਰੀਆਂ ਲੈ ਕੇ ਬਾਰਾਬੰਕੀ ਤੋਂ ਹੈਦਰਗੜ੍ਹ ਜਾ ਰਹੀ ਬੱਸ ‘ਤੇ ਕਰੀਬ 10.30 ਵਜੇ ਰਾਜਾ ਬਜ਼ਾਰ ਨੇੜੇ ਦਰੱਖਤ ਡਿੱਗ ਗਿਆ। ਦਰੱਖਤ ਇੰਨੀ ਤੇਜ਼ ਡਿੱਗਿਆ ਕਿ ਬੱਸ ਦੇ ਅੱਗੇ ਦਾ ਹਿੱਸਾ ਨੁਕਸਾਨਿਆ ਗਿਆ।
ਮੀਂਹ ਵਿਚਾਲੇ ਪਿੰਡ ਵਾਸੀਆਂ ਨੇ ਪੁਲਸ ਅਤੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ। ਸਥਾਨਕ ਨਾਗਰਿਕਾਂ ‘ਤੇ ਪੁਲਸ ਦੀ ਮਦਦ ਨਾਲ ਬੱਸ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਮੁੱਖ ਮੈਡੀਕਲ ਅਫ਼ਸਰ ਡਾ. ਅਵਧੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਹਾਦਸੇ ‘ਚ ਚਾਰ ਔਰਤਾਂ ਅਤੇ ਇਕ ਡਰਾਈਵਰ ਸਣੇ ਕੁੱਲ 5 ਲੋਕਾਂ ਦੀ ਮੌਤ ਹੋਈ ਹੈ ਇਕ ਔਰਤ ਦੀ ਪਛਾਣ ਹੋ ਗਈ ਹੈ, ਜਦੋਂ ਕਿ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।