ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ, ਪੰਜਾਬ ਦੀ ਜਵਾਨੀ ਰੋਲਣ ਲਈ ਲਗਾਤਾਰ ਨਸ਼ਿਆਂ ਦੀ ਖੇਪ ਨੂੰ ਭਾਰਤ ਪਹੁੰਚਾਉਣ ’ਚ ਲੱਗਿਆ ਹੋਇਆ ਹੈ। ਪਰ ਇਸ ਵਿਚਾਲੇ ਸੁਰੱਖਿਆ ਬਲਾਂ ਦੀ ਚੋਕਸੀ ਤੇ ਮੁਸ਼ਤੈਦੀ ਲਗਾਤਾਰ ਪਾਕਿਸਤਾਨ ਨੂੰ ਆਪਣੇ ਮਨਸੂਬਿਆ ’ਚ ਕਾਮਯਾਬ ਨਹੀਂ ਹੋਣ ਦੇ ਰਹੀ। ਦਰਅਸਲ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ’ਚ ਨਸ਼ੇ ਦੀ ਖੇਪ ਬਰਾਮਦ ਕਰਦੇ ਹੋਏ ਵੱਡੀ ਸਫਲਤਾ ਹਾਸਿਲ ਕੀਤੀ ਹੈ। BSF ਦੇ ਜਵਾਨਾਂ ਨੇ ਤਲਾਸ਼ੀ ਦੌਰਾਨ ਪਿੰਡ ਦੇ ਇੱਕ ਖੇਤ ਵਿੱਚੋਂ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ BSF ਦੇ ਖੁਫ਼ੀਆ ਵਿੰਗ ਵੱਲੋਂ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ BSF ਦੇ ਜਵਾਨਾਂ ਨੇ ਸੂਚਨਾ ਦੇ ਆਧਾਰ ’ਤੇ ਤੁਰੰਤ ਸ਼ੱਕੀ ਖੇਤਰ ਵਿੱਚ ਇੱਕ ਵਿਆਪਕ ਖੋਜ ਮੁਹਿੰਮ ਸ਼ੁਰੂ ਕੀਤੀ। ਇਸ ਖੋਜ ਮੁਹਿੰਮ ਤੜਕਸਾਰ ਕਾਮਯਾਬ ਹੋਈ ਜਦੋਂ ਸਵਾ ਛੇ ਵਜੇ ਸ਼ੁਰੂ ਕੀਤੇ ਤਲਾਸ਼ੀ ਦੌਰਾਨ, ਜਵਾਨਾਂ ਨੂੰ ਪਿੰਡ ਕਿਲਚੇ ਦੇ ਇੱਕ ਖੇਤ ਵਿੱਚੋਂ 1 ਪੈਕੇਟ ਸ਼ੱਕੀ ਹੈਰੋਇਨ ਦਾ ਬਰਾਮਦ ਹੋਇਆ। ਪੈਕੇਟ ਦਾ ਕੁੱਲ ਵਜ਼ਨ 570 ਗ੍ਰਾਮ ਦੱਸਿਆ ਜਾ ਰਿਹਾ ਹੈ। ਨਸ਼ੀਲੇ ਪਦਾਰਥਾਂ ਨੂੰ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ ਅਤੇ ਪੈਕੇਟ ਦੇ ਨਾਲ 01 ਧਾਤੂ ਦੀ ਰਿੰਗ ਅਤੇ ਇੱਕ ਛੋਟੀ ਟਾਰਚ ਵੀ ਜੁੜੀ ਹੋਈ ਸੀ।