ਸਰਹੱਦ ਪਾਰ ਤੋਂ ਗੁਆਂਢੀ ਦੇਸ਼ ਪਾਕਿਸਤਾਨ ਬਾਜ ਨਹੀਂ ਆ ਰਿਹਾ ਜੋ ਪੰਜਾਬ ਦੀ ਜਵਾਨੀ ਰੋਲਣ ਲਈ ਲਗਾਤਾਰ ਨਸ਼ੇ ਅਤੇ ਹਥਿਆਰਾਂ ਵਰਗੀ ਸਮੱਗਰੀ ਦੀ ਤਸਕਰੀ ਕਰ ਰਿਹਾ ਹੈ। ਪਰ ਇਸ ਵਿਚਾਲੇ ਪੰਜਾਬ ਦੀ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਆ ਰਹੀ ਹੈ। ਕਿਉਂਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਨੇ ਅੱਜ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਦਰਅਸਲ ਪੁਲਿਸ ਅਧਿਕਾਰੀਆਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿੰਨ੍ਹਾਂ ਪਾਸੋਂ ਸੱਤ ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਅਤੇ 16 ਕਾਰਤੂਸ ਬਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਐਕਸ ’ਤੇ ਟਵੀਟ ਕਰਕੇ ਦਿੱਤੀ ਗਈ ਹੈ।
ਉਨ੍ਹਾਂ ਐਕਸ ’ਤੇ ਲਿਖਿਆ ਕਿ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਵਿਰੁੱਧ ਗੁਪਤ ਏਜੰਸੀ ਦੀ ਅਗਵਾਈ ਵਿੱਚ ਸੀਆਈ-ਅੰਮ੍ਰਿਤਸਰ ਨੇ ਕਾਰਵਾਈ ਕੀਤੀ ਹੈ। ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਦੋ ਸ਼ੱਕੀਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ ਜਿੰਨ੍ਹਾਂ ਕੋਲੋ 7.5 ਕਿਲੋ ਹੈਰੋਇਨ ਅਤੇ 16 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਇੱਕ ਮੋਟਰਸਾਈਕਲ ਤੇ ਡ੍ਰੌਨ ਵੀ ਮਿਲੇ ਹਨ ਜਿੰਨ੍ਹਾਂ ਰਾਹੀ ਨਸ਼ੀਲੇ ਪਦਾਰਥਾਂ ਨੂੰ ਲਿਜਾਣ ਲਈ ਵਰਤਿਆ ਜਾਂਦਾ ਸੀ।