ਭਾਜਪਾ ਦੀ ਕੇਂਦਰ ਸਰਕਾਰ ਲਗਾਤਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤੇ ਪਾਕਿਸਤਾਨ ਦੇ ਸਮਰੱਥਨ ਦੇ ਇਲਜ਼ਾਮ ਲਗਾ ਰਹੀ ਹੈ। ਇਸ ਵਿਚਾਲੇ ਇੱਕ ਵਾਰ ਫਿਰ ਗੁਆਂਢੀ ਦੇਸ਼ ਪਾਕਿਸਤਾਨ ਦੇ ਸਾਬਕਾ ਮੰਤਰੀ ਅਤੇ ਇਮਰਾਨ ਖਾਨ ਦੀ ਪਾਰਟੀ ਦੇ ਨੇਤਾ ਚੌਧਰੀ ਫਵਾਦ ਹੁਸੈਨ ਨੇ ਭਾਰਤ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਟਿੱਪਣੀ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਫਵਾਦ ਹੁਸੈਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਤਾਰੀਫ ਕਰਕੇ ਚਰਚਾ ਦਾ ਵਿਸ਼ਾ ਬਣੇ ਸੀ। ਪਰ ਹੁਣ ਇਸ ਪਾਕਿਸਤਾਨੀ ਨੇਤਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਕ ’ਚ ਟਿੱਪਣੀ ਕੀਤੀ ਹੈ। ਫਵਾਦ ਹੁਸੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕੇਜਰੀਵਾਲ ਦੀ ਇੱਕ ਫੋਟੋ ‘ਤੇ ਪ੍ਰਤੀਕਿਰਿਆ ਕੀਤੀ। ਉਨ੍ਹਾਂ ਲਿਖਿਆ ਕਿ ਸ਼ਾਂਤੀ ਅਤੇ ਸਦਭਾਵਨਾ, ਨਫ਼ਰਤ ਅਤੇ ਕੱਟੜਪੰਥੀ ਦੀਆਂ ਤਾਕਤਾਂ ਨੂੰ ਹਰਾ ਦੇਵੇ।
ਫਵਾਦ ਵੱਲੋਂ ਕੀਤੀ ਇਸ ਟਿੱਪਣੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀ ਪਲਟਵਾਰ ਕੀਤਾ ਹੈ। ਕੇਜਰੀਵਾਲ ਨੇ ਠੋਕਵਾਂ ਜਵਾਬ ਦਿੰਦੇ ਹੋਏ ਲਿਖਿਆ ਕਿ ਚੌਧਰੀ ਸਾਹਿਬ, ਮੈਂ ਅਤੇ ਮੇਰੇ ਦੇਸ਼ ਦੇ ਲੋਕ ਸਾਡੇ ਦੇਸ਼ ਦੇ ਮੁੱਦਿਆਂ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਡੇ (ਫਵਾਦ ਹੁਸੈਨ) ਟਵੀਟ ਦੀ ਲੋੜ ਨਹੀਂ ਹੈ। ਇਸ ਸਮੇਂ ਪਾਕਿਸਤਾਨ ਦੇ ਹਾਲਾਤ ਬਹੁਤ ਖਰਾਬ ਹਨ। ਤੁਸੀਂ ਆਪਣੇ ਦੇਸ਼ ਨੂੰ ਸੰਭਾਲੋ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਸਾਡੇ ਦੇਸ਼ ਭਾਰਤ ਵਿੱਚ ਹੋ ਰਹੀਆਂ ਚੋਣਾਂ ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਭਾਰਤ ਅੱਤਵਾਦ ਦੇ ਸਭ ਤੋਂ ਵੱਡੇ ਸਪਾਂਸਰਾਂ ਦੀ ਦਖਲਅੰਦਾਜ਼ੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ।