ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੂੰ ਦੁਬਈ ਏਅਰਪੋਰਟ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਮੀਡੀਆ ’ਚ ਲਗਾਤਾਰ ਰਾਹਤ ਫਤਿਹ ਅਲੀ ਖ਼ਾਨ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਦਿਖਾਈਆਂ ਜਾ ਰਹੀਆਂ ਹਨ। ਦਰਅਸਲ ਰਾਹਤ ਫਤਿਹ ਅਲੀ ਖਾਨ ਅਤੇ ਉਨ੍ਹਾਂ ਦੇ ਸਾਬਕਾ ਮੈਨੇਜਰ ਅਤੇ ਮਸ਼ਹੂਰ ਸ਼ੋਅਬਿਜ਼ ਪ੍ਰਮੋਟਰ ਸਲਮਾਨ ਅਹਿਮਦ ਵਿਚਾਲੇ ਵਿਵਾਦ ਚੱਲ ਰਿਹਾ ਹੈ। ਇਸੇ ਵਿਵਾਦ ਨੂੰ ਲੈ ਕੇ ਸਲਮਾਨ ਅਹਿਮਦ ਨੇ ਦੁਬਈ ‘ਚ ਰਾਹਤ ਦੇ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ। ਦੂਜੇ ਪਾਸੇ ਇਸ ਵਿਵਾਦ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਹਤ ਨੇ ਇਸ ਨੂੰ ਪਰਿਵਾਰਕ ਮਾਮਲਾ ਦੱਸਿਆ ਸੀ। ਹੁਣ ਮੀਡੀਆ ’ਚ ਜੀਓ ਟੀਵੀ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਰਾਹਤ ਨੂੰ ਦੁਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫ਼ਤਾਰੀ ਦੀਆਂ ਇੰਨ੍ਹਾਂ ਖ਼ਬਰਾਂ ਨੂੰ ਲੈ ਕੇ ਰਾਹਤ ਫਤਿਹ ਅਲੀ ਖ਼ਾਨ ਨੇ ਇੰਨ੍ਹਾਂ ਖ਼ਬਰਾਂ ਨੂੰ ਝੂਠੀ ਅਫ਼ਵਾਹ ਦੱਸਿਆ ਹੈ। ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਆਖਿਆ ਕਿ ਉਹ ਦੁਬਈ ‘ਚ ਪਰਫਾਰਮ ਕਰਨ ਲਈ ਆਏ ਹਨ। ਅਜਿਹੀਆਂ ਬੁਰੀਆਂ ਅਫ਼ਵਾਹਾਂ ‘ਤੇ ਵਿਸ਼ਵਾਸ ਨਾ ਕਰੋ, ਮੈਂ ਜਲਦੀ ਹੀ ਆਪਣੇ ਦੇਸ਼ ਵਾਪਸ ਆਵਾਂਗਾ ਅਤੇ ਆਪਣੇ ਵਧੀਆ ਗੀਤਾਂ ਨਾਲ ਤੁਹਾਡਾ ਮਨੋਰੰਜਨ ਕਰਾਂਗਾ।