ਰਾਮਪੁਰਾ ਫੂਲ : ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ ਭਰਵਾ ਹੁੰਗਾਰਾ ਮਿਲ ਰਿਹਾ ਹੈ। ਚੱਲ ਰਹੀ ਨਸ਼ਾ ਮੁਕਤੀ ਯਾਤਰਾ ਤੋਂ ਪ੍ਰਭਾਵਿਤ 19 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪੋ-ਆਪਣੇ ਪਿੰਡ ਵਿਚ ਕੋਈ ਵੀ ਵਿਅਕਤੀ ਨਾ ਤਾਂ ਚਿੱਟੇ ਦੀ ਵਰਤੋਂ ਕਰਦਾ ਹੈ ਅਤੇ ਨਾ ਹੀ ਇਨ੍ਹਾਂ ਪਿੰਡਾਂ ਵਿਚ ਕੋਈ ਚਿੱਟਾ ਵੇਚਦਾ ਹੈ। ਸੰਬਧੀ ਮਤੇ ਪਾਏ ਗਏ ਹਨ। ਇਹ ਜਾਣਕਾਰੀ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆਂ ਕਿ ਰਾਮਪੁਰਾ ਹਲਕੇ ਵਿਚ ਕੁੱਲ 54 ਪੰਚਾਇਤਾਂ ਹਨ, ਜਿਨ੍ਹਾਂ ’ਚੋਂ 19 ਪੰਚਾਇਤਾਂ ਪਿੰਡ ਮੱਲੂਆਣਾ, ਹਿੰਮਤਪੁਰਾ, ਟੱਲਵਾਲੀ, ਪਿਪਲੀ, ਗੁਰੂਸਰ ਮਹਿਰਾਜ, ਕੋਠੇ ਰੱਥੜੀਆਂ, ਮਹਿਰਾਜ ਖੁਰਦ, ਕਾਲੇਬਾਰਾ, ਭਾਈਰੂਪਾ ਖੁਰਦ, ਕੋਠੇ ਸੁੱਖਾ ਨੰਦਾ, ਨਵਾਂ ਕੇਸਰ ਸਿੰਘ, ਬੁਰਜ ਥਰੋੜ, ਕੋਠਾ ਗੁਰੂ ਖੁਰਦ, ਗੁਰਦਿੱਤ ਸਿੰਘ ਵਾਲਾ, ਗੌਸਪੁਰਾ, ਗੁਰੂਸਰ ਜਲਾਲ, ਭਾਈਆਣਾ, ਸੰਧੂ ਖੁਰਦ ਅਤੇ ਪਿੰਡ ਕਾਲੋਕੇ ਦੀ ਗ੍ਰਾਮ ਪੰਚਾਇਤਾਂ ਮਤੇ ਲੈ ਕੇ ਪਹੁੰਚੀਆਂ ਸਨ।
ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਮਪੁਰਾ ਸ਼ਹਿਰ ਅੰਦਰ ਢੁੱਕਵੀਆਂ ਥਾਵਾਂ ’ਤੇ ਚਿੱਟੇ ਦੀ ਸਮੱਗਲਿੰਗ ਤੇ ਸੇਵਨ ਕਰਨ ਵਾਲਿਆਂ ’ਤੇ ਸਖ਼ਤ ਨਜ਼ਰ ਰੱਖਣ ਦੇ ਨਾਲ-ਨਾਲ ਹੋਰ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਵਧੀਆਂ ਕੁਆਲਿਟੀ ਦੇ 50 ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨਸ਼ਾ ਛੱਡ ਰਹੇ ਹਨ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ’ਚ ਭਰਤੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ’ਚ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਤੋਂ ਇਲਾਵਾ ਪਿੰਡਾਂ ਦੀ ਪੰਚਾਇਤਾਂ ਅਤੇ ਨੌਜਵਾਨਾਂ ਦੀ ਮੰਗ ਅਨੁਸਾਰ ਖੇਡ ਦੇ ਮੈਦਾਨ ਤੇ ਜਿਮ ਆਦਿ ਵੀ ਮੁਹੱਈਆ ਕਰਵਾਏ ਜਾ ਰਹੇ।