ਇੰਟਰਨੈਸ਼ਨਲ – ਬੀਤੀ 12 ਅਗਸਤ ਨੂੰ ਅਮਰੀਕਾ ‘ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ, ਜਿੱਥੋਂ ਦੇ ਫਲੋਰਿਡਾ ਵਿਖੇ ਇਕ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ 18 ਪਹੀਆਂ ਵਾਲਾ ਟਰੱਕ ਚਲਾਉਂਦੇ ਹੋਏ ਅਚਾਨਕ ਯੂ-ਟਰਨ ਲੈ ਲਿਆ ਸੀ। ਇਸ ਕਾਰਨ ਪਿੱਛੋਂ ਆ ਰਹੀ ਇਕ ਕਾਰ ਟਰੱਕ ‘ਚ ਜਾ ਵੱਜੀ ਤੇ ਕਾਰ ਸਵਾਰ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ।
ਇਸ ਹਾਦਸੇ ਮਗਰੋਂ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ 3 ਮੌਤਾਂ ਦੇ ਮਾਮਲੇ ‘ਚ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਤੇ ਉਸ ਦੇ ਮਾਮਲਾ ਅਦਾਲਤ ‘ਚ ਚੱਲ ਰਿਹਾ ਹੈ। ਫਿਲਹਾਲ ਉਹ ਫਲੋਰਿਡਾ ਦੀ ਜੇਲ੍ਹ ‘ਚ ਬੰਦ ਹੈ।
ਇਸੇ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਫਲੋਰਿਡਾ ਜੇਲ੍ਹ ‘ਚ ਬੰਦ ਹਰਜਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਹਰਜਿੰਦਰ ਦਾ ਪੱਖ ਲੈਂਦੇ ਹੋਏ ਕਿਹਾ ਕਿ ਇਹ ਇਕ ਹਾਦਸਾ ਸੀ, ਹਰਜਿੰਦਰ ਨੇ ਜਾਨਬੁੱਝ ਕੇ ਕੁਝ ਨਹੀਂ ਕੀਤਾ।
ਪੰਨੂ ਨੇ ਕਿਹਾ ਕਿ ਇਹ ਅਣਜਾਣੇ ‘ਚ ਹੋਇਆ ਹਾਦਸਾ ਹੈ, ਇਸ ਦੌਰਾਨ ਮਾਰੇ ਗਏ ਲੋਕਾਂ ਦਾ ਕਾਤਲ ਹਰਜਿੰਦਰ ਨੂੰ ਕਹਿਣਾ ਬਿਲਕੁਲ ਵੀ ਸਹੀ ਨਹੀਂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਮਗਰੋਂ ਪੰਨੂ ਨੇ ਹਰਜਿੰਦਰ ਦੀ ਮਦਦ ਲਈ 1 ਲੱਖ ਡਾਲਰ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਨਿਰਪੱਖਤਾ ਨਾਲ ਦੇਖਿਆ ਜਾਵੇ ਤੇ ਇਨਸਾਫ਼ ਕੀਤਾ ਜਾਵੇ।