ਅੰਮ੍ਰਿਤਸਰ (ਆਰ. ਗਿੱਲ) – ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਭਾਰਤ ਵਿਰੁੱਧ ਜ਼ਹਿਰ ਉਗਲਿਆ ਅਤੇ ਵਾਸ਼ਿੰਗਟਨ ਡੀ. ਸੀ. ਵਿਚ ਅਖੌਤੀ ਖਾਲਿਸਤਾਨ ਰੈਫਰੈਂਡਮ ਆਯੋਜਿਤ ਕੀਤਾ। ਇਸ ਦੌਰਾਨ ਉਸ ਨੇ ਇਕ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਕਿ ਉਹ ਭਾਰਤ ਨੂੰ ਟੁਕੜਿਆਂ ਵਿਚ ਵੰਡਣ ਅਤੇ ਦਿੱਲੀ ਨੂੰ ਖਾਲਿਸਤਾਨ ਦਾ ਹਿੱਸਾ ਬਣਾਉਣ ਲਈ ਬੰਬ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਸਿੱਖ ਫਾਰ ਜਸਟਿਸ ਸੰਗਠਨ ਦੇ ਮੁਖੀ ਪੰਨੂ ਨੇ ਆਪਣੀ ਵੀਡੀਓ ਵਿਚ ਇਕ ਭੜਕਾਊ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਭਾਰਤ ਨੂੰ ਤਬਾਹ ਕਰ ਦੇਵਾਂਗੇ ਅਤੇ ਦਿੱਲੀ ਨੂੰ ਖਾਲਿਸਤਾਨ ਦੀ ਰਾਜਧਾਨੀ ਬਣਾ ਦੇਵਾਂਗੇ।
ਉਸ ਨੇ ਦਾਅਵਾ ਕੀਤਾ ਕਿ ਉਸ ਦੀ ਸੰਸਥਾ ਨੇ ਵਾਸ਼ਿੰਗਟਨ ਵਿਚ ਰੈਫਰੈਂਡਮ ਰਾਹੀਂ ਸਿੱਖ ਭਾਈਚਾਰੇ ਤੋਂ ਸਮੱਰਥਨ ਇਕੱਠਾ ਕੀਤਾ ਹੈ। ਹਾਲਾਂਕਿ ਇਸ ਰੇਫਰੈਂਡਮ ਦੀਆਂ ਤਸਵੀਰਾਂ ਵਿਚ ਖਾਲੀ ਕੁਰਸੀਆਂ ਅਤੇ ਸੀਮਤ ਗਿਣਤੀ ਵਿਚ ਲੋਕ ਦਿਖਾਈ ਦਿੱਤੇ, ਜਿਸ ਨਾਲ ਇਸ ਦੇ ਪ੍ਰਭਾਵ ਬਾਰੇ ਸਵਾਲ ਖੜ੍ਹੇ ਹੋਏ। ਪੰਨੂ ਦੀਆਂ ਸਰਗਰਮੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤ ਸਰਕਾਰ ਨੇ ਉਸ ਨੂੰ ਪਹਿਲਾਂ ਹੀ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ (ਯੂ. ਏ. ਪੀ. ਏ.) ਤਹਿਤ ਅੱਤਵਾਦੀ ਐਲਾਨ ਕਰ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਪੰਨੂ ਖ਼ਿਲਾਫ਼ 6 ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਜਿਸ ਵਿਚ ਭਾਰਤ ਵਿਰੋਧੀ ਸਾਜ਼ਿਸ਼ਾਂ ਅਤੇ ਖਾਲਿਸਤਾਨ ਪੱਖੀ ਸਰਗਰਮੀਆਂ ਸ਼ਾਮਲ ਹਨ।