ਸਪੋਰਟਸ – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦਾ ਤੀਜਾ ਮੈਚ ਬ੍ਰਿਸਬੇਨ ਦੇ ਗਾਬਾ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਤੇ ਮੀਂਹ ਦਾ ਸਾਇਆ ਮੰਡਰਾ ਰਿਹਾ ਹੈ। ਪਹਿਲੇ ਦਿਨ ਮੀਂਹ ਕਾਰਨ ਸਿਰਫ਼ 13.2 ਓਵਰ ਹੀ ਖੇਡੇ ਜਾ ਸਕੇ। ਹੁਣ ਦੂਜੇ ਦਿਨ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇਕ ਖਾਸ ਉਪਲੱਬਧੀ ਆਪਣੇ ਨਾਂ ਕਰ ਲਈ। ਜਿਸ ਤੋਂ ਬਾਅਦ ਪੰਤ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰਾਹੁਲ ਦ੍ਰਾਵਿੜ ਦੀ ਲਿਸਟ ‘ਚ ਸ਼ਾਮਲ ਹੋ ਗਏ ਹਨ।
ਜਸਪ੍ਰੀਤ ਬੁਮਰਾਹ ਨੇ ਦੂਜੇ ਦਿਨ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ। ਬੁਮਰਾਹ ਨੇ ਸ਼ੁਰੂਆਤ ‘ਚ ਹੀ ਆਸਟ੍ਰੇਲੀਆ ਨੂੰ ਦੋ ਵੱਡੇ ਝਟਕੇ ਦਿੱਤੇ। ਪੰਤ ਨੇ ਇਹ ਉਪਲਬਧੀ ਉਦੋਂ ਹਾਸਲ ਕੀਤੀ ਜਦੋਂ ਬੁਮਰਾਹ ਨੇ ਉਸਮਾਨ ਖਵਾਜਾ ਦਾ ਵਿਕਟ ਲਿਆ। ਪੰਤ ਨੇ ਬੁਮਰਾਹ ਦੀ ਗੇਂਦ ‘ਤੇ ਉਸਮਾਨ ਖਵਾਜਾ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। ਜਿਸ ਤੋਂ ਬਾਅਦ ਹੁਣ ਪੰਤ ਦੇ ਵਿਕਟ ਪਿੱਛੇ 150 ਵਿਕਟ ਹੋ ਗਏ ਹਨ ਜਿਸ ਵਿੱਚ 135 ਕੈਚ ਅਤੇ 15 ਸਟੰਪਿੰਗ ਸ਼ਾਮਲ ਹਨ।
ਪੰਤ ਹੁਣ ਟੈਸਟ ਕ੍ਰਿਕਟ ‘ਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਆਊਟ ਕਰਨ ਵਾਲਾ ਭਾਰਤ ਦਾ ਚੌਥਾ ਖਿਡਾਰੀ ਬਣ ਗਿਆ ਹੈ। ਖਾਸ ਗੱਲ ਇਹ ਹੈ ਕਿ ਪੰਤ ਨੇ ਇਹ ਖਾਸ ਉਪਲੱਬਧੀ ਸਿਰਫ 41 ਮੈਚਾਂ ‘ਚ ਹਾਸਲ ਕੀਤੀ ਹੈ। ਹਾਲਾਂਕਿ, ਫਿਲਹਾਲ ਉਹ ਸਾਬਕਾ ਦਿੱਗਜਾਂ ਐੱਮਐੱਸ ਧੋਨੀ ਅਤੇ ਰਾਹੁਲ ਦ੍ਰਾਵਿੜ ਤੋਂ ਕਾਫੀ ਪਿੱਛੇ ਹੈ।