ਤ੍ਰਿਸ਼ੂਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਐ ਜਿੱਥੇ ਐਡਾਕੁਲਮ ’ਚ ਇੱਕ ਪਾਲਤੂ ਬਿੱਲੀ ਨੂੰ ਲੈ ਕੇ ਪੋਤੇ ਨੇ ਆਪਣੇ ਦਾਦੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਜ਼ਖ਼ਮੀ ਦਾਦੇ ਨੂੰ ਇਸ ਤੋਂ ਬਾਅਦ ਪੋਤਾ ਖੁਦ ਹੀ ਹਸਪਤਾਲ ਲੈ ਗਿਆ। ਜਿੱਥੇ ਦਾਦੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਤ੍ਰਿਸ਼ੂਰ ਦੇ ਐਡਾਕੁਲਮ ਵਿੱਚ ਇੱਕ ਘਰ ਵਿੱਚ ਪਾਲਤੂ ਬਿੱਲੀ ਲਾਪਤਾ ਹੋ ਗਈ। ਜਿਸ ਤੋਂ ਬਾਅਦ ਦਾਦੇ ਅਤੇ ਪੋਤੇ ਵਿਚਕਾਰ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਝਗੜੇ ਕਾਰਨ ਹੋਸ਼ ਗਵਾਏ ਪੋਤੇ ਨੇ ਗੁੱਸੇ ਵਿੱਚ ਆਪਣੇ 79 ਸਾਲਾਂ ਦਾਦੇ ’ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਨਾਲ ਕੀਤੇ ਹਮਲੇ ਤੋਂ ਬਾਅਦ ਬਜ਼ੁਰਗ ਦਾਦਾ ਗੰਭੀਰ ਜ਼ਖ਼ਮੀ ਹੋ ਗਿਆ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਬਜ਼ੁਰਗ ਵਿਅਕਤੀ ਦੇ ਸਿਰ, ਹੱਥਾਂ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ ਅਤੇ ਹੁਣ ਉਸ ਦਾ ਸਰਕਾਰੀ ਮੈਡੀਕਲ ਕਾਲਜ ‘ਚ ਇਲਾਜ ਚੱਲ ਰਿਹਾ ਹੈ। ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ ਅਤੇ ਕੇਸ਼ਵਨ ਬਜ਼ੁਰਗ ਦਾਦੇ ਦੀ ਹਾਲਤ ਫਿਲਹਾਲ ਸਥਿਰ ਹੈ। ਹਸਪਤਾਲ ’ਚ ਜ਼ੇਰੇ ਇਲਾਜ਼ ਦਾਦਾ ਕੇਸ਼ਵਨ ਨੇ ਦੱਸਿਆ ਕਿ ਪਾਲਤੂ ਬਿੱਲੀ ਦੇ ਲਾਪਤਾ ਹੋਣ ਨੂੰ ਲੈ ਪੋਤੇ ਸ਼੍ਰੀਕੁਮਾਰ ਨਾਲ ਝਗੜਾ ਹੋ ਗਿਆ ਸੀ ਤੇ ਗੁੱਸੇ ’ਚ ਸ਼੍ਰੀ ਕੁਮਾਰ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਸ ਤੋਂ ਇਲਾਵਾ ਪੁਲਿਸ ਨੂੰ ਸ਼ੱਕ ਹੈ ਕਿ ਘਟਨਾ ਦੌਰਾਨ ਨੌਜਵਾਨ ਸ਼ਰਾਬੇ ਦੇ ਨਸ਼ੇ ’ਚ ਸੀ। ਜੋ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁਦ ਜ਼ਖਮੀ ਦਾਦੇ ਨੂੰ ਹਸਪਤਾਲ ਲੈ ਕੇ ਆਇਆ। ਜਿੱਥੋਂ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ।