ਚੰਡੀਗੜ੍ਹ (ਵੈੱਬ ਡੈਸਕ): ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਤਹਿਤ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਇਸ ਬੰਦ ਨੂੰ ਲੈ ਕੇ ਇਕ ਵੀਡੀਓ ਸੰਦੇਸ਼ ਜਾਰੀ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ 30 ਦਸੰਬਰ ਨੂੰ ਕੀ ਕੁਝ ਬੰਦ ਰੱਖਿਆ ਜਾਵੇਗਾ ਤਾਂ ਕਿੰਨ੍ਹਾਂ ਨੂੰ ਇਸ ਬੰਦ ਦੌਰਾਨ ਛੋਟ ਦਿੱਤੀ ਜਾਵੇਗੀ।ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਬੰਦ ਦੀ ਕਾਲ ਨੂੰ ਸਾਰੇ ਤਬਕਿਆਂ ਦਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੈਟਰੋਲ ਪੰਪ, ਗੈਸ ਏਜੰਸੀਆਂ, ਰੇਲ ਸੇਵਾਵਾਂ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਦੁਕਾਨਾਂ ਦੇ ਸ਼ਟਰ ਬੰਦ ਰਹਿਣਗੇ। ਐਮਰਜੈਂਸੀ ਸੇਵਾਵਾਂ ਨੂੰ ਬਹਾਲ ਰੱਖਿਆ ਜਾਵੇਗਾ ਭਾਵੇਂ ਉਹ ਮੈਡੀਕਲ ਸੇਵਾਵਾਂ ਹੋਣ, ਵਿਆਹਾਂ-ਸ਼ਾਦੀਆਂ ਦਾ ਪ੍ਰੋਗਰਾਮ, ਏਅਰਪੋਰਟ ਦੀਆਂ ਜ਼ਰੂਰੀ ਸੇਵਾਵਾਂ ਚੱਲਦੀਆਂ ਰਹਿਣਗੀਆਂ। ਕਿਸੇ ਬੱਚੇ ਦੀ ਇੰਟਰਵੀਊ ਹੋਵੇ ਤਾਂ ਉਸ ਨੂੰ ਵੀ ਰੋਕਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਇਸ ਨੂੰ ਸਹਿਯੋਗ ਦੇਵੇਗਾ।