ਭੋਪਾਲ/ਇੰਦੌਰ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਅਤੇ ਆਰਥਿਕ ਰਾਜਧਾਨੀ ਇੰਦੌਰ ਦੇ ਲੋਕਾਂ ਲਈ ਇਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਹੁਣ ਤੋਂ ਇਨ੍ਹਾਂ ਦੋਵੇਂ ਸ਼ਹਿਰਾਂ ‘ਚ ਬਿਨਾਂ ਹੈਲਮੇਟ ਦੇ ਪੈਟਰੋਲ ਨਹੀਂ ਮਿਲੇਗਾ। ਇਸ ਸੰਬੰਧੀ ਆਦੇਸ਼ ਇੰਦੌਰ ਦੇ ਡਿਪਟੀ ਕਮਿਸ਼ਨਰ ਆਸ਼ੀਸ਼ ਸਿੰਘ ਅਤੇ ਭੋਪਾਲ ਦੇ ਕਲੈਕਟਰ ਕੌਸ਼ਲੇਂਦਰ ਵਿਕਰਮ ਸਿੰਘ ਵੱਲੋਂ ਜਾਰੀ ਕਰ ਦਿੱਤੇ ਗਏ ਹਨ।
ਪ੍ਰਸ਼ਾਸਨ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਕੋਈ ਵਿਅਕਤੀ ਬਾਈਕ ‘ਤੇ ਬਿਨਾਂ ਹੈਲਮੇਟ ਪੈਟਰੋਲ ਲੈਣ ਆਉਂਦਾ ਹੈ, ਤਾਂ ਉਸ ਨੂੰ ਪੈਟਰੋਲ ਨਾ ਦਿੱਤਾ ਜਾਵੇ। ਇਸ ਨਵੇਂ ਨਿਯਮ ਦੀ ਪਾਲਣਾ ਕਰਵਾਉਣ ਲਈ ਦੋਵੇਂ ਸ਼ਹਿਰਾਂ ਦੇ ਕਲੈਕਟਰਾਂ ਨੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ ਜੋ ਅਚਾਨਕ ਜਾਂਚ ਕਰਣ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਕਰਨਗੀਆਂ। ਇਹ ਕਦਮ ਸੜਕ ਹਾਦਸਿਆਂ ‘ਚ ਆ ਰਹੀਆਂ ਮੌਤਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਹਾਲ ਹੀ ‘ਚ ਸੁਪਰੀਮ ਕੋਰਟ ਦੀ ਸੜਕ ਸੁਰੱਖਿਆ ਕਮੇਟੀ ਨੇ ਬਾਈਕ ਸਵਾਰਾਂ ਲਈ ਹੈਲਮੇਟ ਅਤੇ ਕਾਰ ਡਰਾਈਵਰਾਂ ਲਈ ਸੀਟ ਬੈਲਟ ਲਾਜ਼ਮੀ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ।
1 ਅਗਸਤ ਤੋਂ ਲਾਗੂ ਹੋਇਆ ਨਿਯਮ
ਇਹ ਨਵਾਂ ਨਿਯਮ 1 ਅਗਸਤ ਯਾਨੀ ਅੱਜ ਤੋਂ ਲਾਗੂ ਹੋ ਗਿਆ ਹੈ ਅਤੇ ਇੰਦੌਰ ਤੇ ਭੋਪਾਲ ਦੀ ਮਾਲੀਆ ਸਰਹੱਦ ‘ਚ ਸਾਰੇ ਪੈਟਰੋਲ ਪੰਪਾਂ ‘ਤੇ ਲਾਗੂ ਰਹੇਗਾ।
ਪ੍ਰਸ਼ਾਸਨ ਦੀ ਅਪੀਲ
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੜਕ ‘ਤੇ ਸੁਰੱਖਿਆ ਲਈ ਹੈਲਮੇਟ ਪਹਿਨਣਾ ਬਹੁਤ ਜ਼ਰੂਰੀ ਹੈ। ਇਹ ਨਾ ਸਿਰਫ਼ ਕਾਨੂੰਨੀ ਤੌਰ ‘ਤੇ ਲਾਜ਼ਮੀ ਹੈ, ਸਗੋਂ ਤੁਹਾਡੀ ਜ਼ਿੰਦਗੀ ਦੀ ਰਾਖੀ ਲਈ ਵੀ ਬੇਹੱਦ ਮਹੱਤਵਪੂਰਨ ਹੈ।