ਰੋਹਤਕ- ਹਰਿਆਣਾ ਦੇ ਰੋਹਤਕ ਪੀਜੀਆਈ ‘ਚ ਇਲਾਜ ਕਰਦੇ ਹੋਏ ਫਰਜ਼ੀ ਡਾਕਟਰ ਫੜ੍ਹਿਆ ਗਿਆ ਹੈ। ਉਹ ਆਪਣੇ ਦੋਸਤ ਦੀ ਜਗ੍ਹਾ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਨੌਜਵਾਨ ਦਾ ਦੋਸਤ ਇਕ ਸਾਲ ਲਈ ਯੂਕੇ ਤੋਂ ਐੱਮਬੀਬੀਐੱਸ ਕਰਨ ਤੋਂ ਬਾਅਦ ਰੋਹਤਕ ਪੀਜੀਆਈ ‘ਚ ਇੰਟਰਨਸ਼ਿਪ ਕਰਨ ਲਈ ਆਇਆ ਸੀ ਪਰ ਉਸ ਨੇ ਆਪਣੀ ਜਗ੍ਹਾ ਦੋਸਤ ਨੂੰ ਭੇਜ ਦਿੱਤਾ। ਫੜ੍ਹੇ ਗਏ ਨੌਜਵਾਨ ਦੀ ਪਛਾਣ ਸੋਨੀਪਤ ਦੇ ਨਿਜਾਮਪੁਰ ਮਾਜਰਾ ਪਿੰਡ ਦੇ ਰਹਿਣ ਵਾਲੇ ਸਾਹਦ ਵਜੋਂ ਹੋਈ ਹੈ। ਉਹ 12ਵੀਂ ਪਾਸ ਹੈ। ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸਾਹਦ ਦਾ ਦੋਸਤ ਕੰਸਾਲਾ ਪਿੰਡ ਵਾਸੀ ਕ੍ਰਿਸ਼ਨ ਗਹਿਲਾਵਤ ਐੱਮਬੀਬੀਐੱਸ ਕਰਨ ਤੋਂ ਬਾਅਦ ਰੋਹਤਕ ਪੀਜੀਆਈ ‘ਚ ਆਰਥੋ ਡਿਪਾਰਟਮੈਂਟ ‘ਚ ਇੰਟਰਨਸ਼ਿਪ ਕਰਨ ਲਈ ਆਇਆ ਸੀ। ਇਸ ਸਾਲ ਜੂਨ 2025 ਤੋਂ ਬਾਅਦ ਉਹ ਹਸਪਤਾਲ ‘ਚ ਨਹੀਂ ਆਇਆ। ਕ੍ਰਿਸ਼ਨ ਦੀ ਜਗ੍ਹਾ ਉਸ ਦਾ ਦੋਸਤ ਸਾਹਦ ਆ ਰਿਹਾ ਸੀ। ਵੀਰਵਾਰ ਨੂੰ ਹਸਪਤਾਲ ਦੇ ਸੁਰੱਖਿਆ ਕਰਮੀਆਂ ਅਤੇ ਸਟਾਫ਼ ਨੂੰ ਸਾਹਦ ‘ਤੇ ਸ਼ੱਕ ਹੋਇਆ, ਕਿਉਂਕਿ ਡਿਊਟੀ ਲਈ ਕ੍ਰਿਸ਼ਨ ਦਾ ਨਾਂ ਰਜਿਸਟਰਡ ਸੀ, ਜਦੋਂ ਕਿ ਉਹ ਉੱਥੇ ਆਪਣਾ ਨਾਂ ਸਾਹਦ ਦੱਸ ਰਿਹਾ ਸੀ।
ਦੋਸਤ ਦੀ ਜਗ੍ਹਾ ਦੇਖ ਰਿਹਾ ਸੀ ਮਰੀਜ਼
ਸਟਾਫ਼ ਨੇ ਜਦੋਂ ਉਸ ਤੋਂ ਆਈਡੈਂਟਿਟੀ ਕਾਰਡ ਮੰਗਿਆ ਤਾਂ ਉਹ ਨਹੀਂ ਦਿਖਾ ਸਕਿਆ। ਸਟਾਫ਼ ਦੀ ਸ਼ਿਕਾਇਤ ‘ਤੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ੍ਹ ਲਿਆ। ਇਸ ਤੋਂ ਬਾਅਦ ਉਸ ਨੂੰ ਅਧਿਕਾਰੀਆਂ ਕੋਲ ਲਿਜਾਇਆ ਗਿਆ, ਜਿੱਥੇ ਉਸ ਨੇ ਦੱਸਿਆ ਕਿ ਉਹ ਦੋਸਤ ਦੀ ਜਗ੍ਹਾ ਮਰੀਜ਼ ਦੇਖ ਰਿਹਾ ਸੀ। ਸਾਹਦ ਨੇ 12ਵੀਂ ਤੋਂ ਬਾਅਦ ਪੇਸ਼ੇਂਟ ਕੇਅਰ ਅਸਿਸਟੈਂਟ (ਪੀਸੀਏ) ਦਾ ਡਿਪਲੋਮਾ ਕੀਤਾ ਹੋਇਆ ਸੀ। ਉਸ ਕੋਲ ਡਾਕਟਰੀ ਨਾਲ ਸੰਬੰਧਤ ਕੋਈ ਵੀ ਡਿਗਰੀ ਨਹੀਂ ਹੈ। ਪੀਜੀਆਈਐੱਮਐੱਸ ਥਾਣਾ ਇੰਚਾਰਜ ਰੋਸ਼ਨ ਲਾਲ ਨੇ ਦੱਸਿਆ ਕਿ ਅਸੀਂ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਹੈ। ਅਜੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਅਸੀਂ ਕੇਸ ‘ਚ ਕ੍ਰਿਸ਼ਨ ਨੂੰ ਵੀ ਦੋਸ਼ੀ ਬਣਾਇਆ ਹੈ। ਉਸ ਦੀ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ ਤਾਂ ਕਿ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾ ਸਕੇ।