ਦੋਰਾਹਾ – ਬੀਤੀ ਰਾਤ ਥਾਣਾ ਦੋਰਾਹਾ ਅਧੀਨ ਆਉਂਦੇ ਪਿੰਡ ਬੁਆਣੀ ਵਿਖੇ ਸਾਬਕਾ ਫ਼ੌਜੀ ਨੇ ਘਰੇਲੂ ਕਲੇਸ਼ ਕਾਰਨ ਆਪਣੇ 23 ਸਾਲਾ ਪੁੱਤਰ ਜਗਮੀਤ ਸਿੰਘ ਤੇ ਪਤਨੀ ਬਲਵਿੰਦਰ ਕੌਰ ਨੂੰ ਗੋਲ਼ੀਆਂ ਮਾਰ ਦਿੱਤੀਆਂ, ਜਿਸ ਕਾਰਨ ਪੁੱਤਰ ਦੀ ਮੌਤ ਹੋ ਗਈ। ਬਲਵਿੰਦਰ ਕੌਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸਾਬਕਾ ਫ਼ੌਜੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਫ਼ੌਜੀ ਦੇ ਦੂਜੇ ਬੇਟੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਬਲਜਿੰਦਰ ਸਿੰਘ ਦੁੱਧ ਲੈਣ ਜਾ ਰਹੇ ਸਨ। ਇਸ ਦੌਰਾਨ ਮੇਰੇ ਛੋਟੇ ਭਰਾ ਜਗਮੀਤ ਸਿੰਘ ਨੇ ਆਪਣੀ ਗੱਡੀ ਮੇਰੇ ਪਿਤਾ ਕੋਲੋਂ ਜਦੋਂ ਕੱਢੀ ਤਾਂ ਦੋਵਾਂ ਵਿਚ ਤਕਰਾਰ ਹੋ ਗਈ। ਗੁੱਸੇ ਵਿਚ ਆ ਕੇ ਉਨ੍ਹਾਂ ਨੇ ਇਕ-ਦੂਜੇ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਮੈਂ ਦੋਵਾਂ ਨੂੰ ਵੱਖ-ਵੱਖ ਕਰ ਦਿੱਤਾ ਪਰ ਥੋੜੀ ਦੇਰ ਬਾਅਦ ਮੇਰੇ ਪਿਤਾ ਨੇ ਰਿਵਾਲਵਰ ਨਾਲ ਮੇਰੇ ਭਰਾ ਜਗਮੀਤ ਸਿੰਘ ਤੇ ਮਾਤਾ ਨੂੰ ਗੋਲੀਆਂ ਮਾਰ ਦਿੱਤੀਆਂ। ਹਸਪਤਾਲ ਲਿਜਾਂਦਿਆਂ ਰਸਤੇ ਵਿਚ ਹੀ ਜਗਮੀਤ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਆਕਾਸ਼ ਦੱਤ ਮੌਕੇ ’ਤੇ ਪੁੱਜੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਡੀ. ਐੱਸ. ਪੀ. ਹੇਮੰਤ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲਾ ਸਾਬਕਾ ਫੌਜੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ।