ਇੰਟਰਨੈਸ਼ਨਲ – ਅਮਰੀਕਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਿਊਯਾਰਕ ਸਥਿਤ ਲਾਗਾਰਡੀਆ ਏਅਰਪੋਰਟ ‘ਤੇ ਯਾਤਰੀਆਂ ਨਾਲ ਭਰਿਆ ਏਅਰ ਕੈਨੇਡਾ ਐਕਸਪ੍ਰੈੱਸ ਦਾ ਇਕ ਜਹਾਜ਼ ਰਨਵੇ ‘ਤੇ ਖੜ੍ਹੇ ਇਕ ਵਾਹਨ ਨਾਲ ਜਾ ਟਕਰਾਇਆ, ਜਿਸ ਕਾਰਨ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਕਈ ਯਾਤਰੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਹਨ।
ਇਸ ਹਾਦਸੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੀ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਫਿਲਹਾਲ ਹਾਦਸੇ ਮਗਰੋਂ ਏਅਰਪੋਰਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਤੇ ਇੱਥੇ ਆਉਣ ਵਾਲੀਆਂ ਫਲਾਈਟਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੀ ਟੱਕਰ ਰਨਵੇ ‘ਤੇ ਖੜ੍ਹੇ ਫਾਇਰ ਬ੍ਰਿਗੇਡ ਦੇ ਇਕ ਵਾਹਨ ਨਾਲ ਹੋਈ ਹੈ, ਜਿਸ ਕਾਰਨ ਇਸ ਵਾਹਨ ‘ਚ ਸਵਾਰ ਫਾਇਰ ਅਧਿਕਾਰੀ ਵੀ ਜ਼ਖ਼ਮੀ ਦੱਸੇ ਜਾ ਰਹੇ ਹਨ। ਫਿਲਹਾਲ ਏਅਰਪੋਰਟ ਵੱਲੋਂ ਇਸ ਹਾਦਸੇ ਬਾਰੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

