ਵਾਰਾਣਸੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਤੋਂ ਦੇਸ਼ ਭਰ ਵਿੱਚ 6,100 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੱਲੋਂ ਜਾਰੀ ਬਿਆਨ ਮੁਤਾਬਕ ਮੋਦੀ ਵਾਰਾਣਸੀ ਵਿੱਚ ਆਰਜੇ ਸ਼ੰਕਰ ਆਈ ਹਸਪਤਾਲ ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ 2,870 ਕਰੋੜ ਰੁਪਏ ਦੀ ਲਾਗਤ ਵਾਲੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਨਵੇ ਦੇ ਵਿਸਤਾਰ,ਇੱਕ ਨਵੇਂ ਟਰਮੀਨਲ ਦੀ ਇਮਾਰਤ ਅਤੇ ਸਬੰਧਿਤ ਕੰਮਾਂ ਦਾ ਨੀਂਹ ਪੱਥਰ ਰੱਖਣਗੇ।
ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਆਗਰਾ ਹਵਾਈ ਅੱਡੇ ‘ਤੇ 570 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ, ਦਰਭੰਗਾ ਹਵਾਈ ਅੱਡੇ ‘ਤੇ ਲਗਭਗ 910 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਤੇ ਬਾਗਡੋਗਰਾ ਹਵਾਈ ਅੱਡੇ ‘ਤੇ ਲਗਭਗ 1550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸਿਵਲ ਐਨਕਲੇਵ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਰੀਵਾ, ਅੰਬਿਕਾਪੁਰ ਅਤੇ ਸਹਾਰਨਪੁਰ ਵਿਖੇ 220 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾ ਰਹੇ ਹਵਾਈ ਅੱਡਿਆਂ ਦੇ ਨਵੇਂ ਟਰਮੀਨਲ ਇਮਾਰਤਾਂ ਦਾ ਉਦਘਾਟਨ ਕਰਨਗੇ।