ਨਵੀਂ ਦਿੱਲੀ : ਦਿੱਲੀ ਵਿੱਚ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਹੋ ਰਹੀ ਹੈ, ਜੋ ਸਵੇਰੇ 7 ਵਜੇ ਦੀ ਸ਼ੁਰੂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਵੋਟਰਾਂ ਨੂੰ ਬੁੱਧਵਾਰ ਯਾਨੀ ਅੱਜ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ ਹੈ। ‘X’ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਪੀਐੱਮ ਮੋਦੀ ਨੇ ਖ਼ਾਸ ਤੌਰ ‘ਤੇ ਉਹਨਾਂ ਨੌਜਵਾਨ ਵੋਟਰਾਂ ਨੂੰ ਵਧਾਈ ਦਿੱਤੀ ਹੈ, ਜੋ ਪਹਿਲੀ ਵਾਰ ਆਪਣੀ ਵੋਟ ਪਾਉਣ ਦੇ ਯੋਗ ਹਨ। ਉਨ੍ਹਾਂ ਨੇ ਇਸ ਦੌਰਾਨ ਇਹ ਗੱਲ ਯਾਦ ਰੱਖਣ ਲਈ ਕਿਹਾ ਕਿ, “ਪਹਿਲਾਂ ਮਤਦਾਨ, ਫਿਰ ਜਲਪਾਨ।”ਪ੍ਰਧਾਨ ਮੰਤਰੀ ਮੋਦੀ ਨੇ ਵੋਟਰਾਂ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਬੁੱਧਵਾਰ ਨੂੰ ਵੋਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਪਾਰਟੀ (ਆਪ) ਦੇ ਖ਼ਿਲਾਫ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ। ਦੱਸ ਦੇਈਏ ਕਿ ਇਸ ਵਾਰ ਦਿੱਲੀ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।