ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਹ ਦੌਰਾ ਪੰਜਾਬ ‘ਚ ਭਾਜਪਾ ਦੀ ਲਗਾਤਾਰ ਵੱਧ ਰਹੀ ਸਰਗਰਮੀ ਵੱਲ ਸੰਕੇਤ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ 1 ਫਰਵਰੀ ਨੂੰ ਜਲੰਧਰ ‘ਚ ਡੇਰਾ ਬੱਲਾਂ ਵਿਖੇ ਆ ਰਹੇ ਹਨ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਗਾ ‘ਚ 22 ਫਰਵਰੀ ਨੂੰ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਨਗੇ। ਇਨ੍ਹਾਂ ਦੌਰਿਆਂ ਨਾਲ ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਠੀਕ ਇਕ ਸਾਲ ਪਹਿਲਾਂ ਭਾਜਪਾ ਨੇ ਸੂਬੇ ‘ਚ ਸਿਆਸੀ ਜ਼ਮੀਨ ਨੂੰ ਮਜ਼ਬੂਤ ਕਰਨ ਦੇ ਸੰਕੇਤ ਦਿੱਤੇ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਡੇਰਾ ਸੱਚਖੰਡ ਬੱਲਾਂ ਨੂੰ ਰਵਿਦਾਸੀਆ ਭਾਈਚਾਰੇ ਦਾ ਧਾਰਮਿਕ ਕੇਂਦਰ ਮੰਨਿਆ ਜਾਂਦਾ ਹੈ।
ਇੱਥੇ ਪ੍ਰਧਾਨ ਮੰਤਰੀ ਦਾ ਆਉਣਾ ਅਤੇ ਮੋਗਾ ‘ਚ ਸ਼ਾਹ ਦੀ ਰੈਲੀ ਪਾਰਟੀ ਦੇ ਸੂਬੇ ‘ਚ ਸਿਆਸੀ ਪੈਰ ਪਸਾਰਨ ਦੇ ਇਰਾਦੇ ਦਾ ਸਪੱਸ਼ਟ ਸੰਕੇਤ ਹਨ। ਪ੍ਰਧਾਨ ਮੰਤਰੀ ਦਾ ਇਹ ਦੌਰਾ ਗਣਤੰਤਰ ਦਿਹਾੜੇ ਤੋਂ ਪਹਿਲਾਂ ਕੇਂਦਰ ਵਲੋਂ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਤੋਂ ਬਾਅਦ ਹੋ ਰਿਹਾ ਹੈ। ਜਲੰਧਰ ਤੋਂ 18 ਕਿਲੋਮੀਟਰ ਦੂਰ ਡੇਰਾ ਸੱਚਖੰਡ ਬੱਲਾਂ ਨੂੰ ਦੋਆਬਾ ਖੇਤਰ ‘ਚ ਮਜ਼ਬੂਤ ਸਿਆਸੀ ਪ੍ਰਭਾਵ ਮੰਨਿਆ ਜਾਂਦਾ ਹੈ। ਸਿਆਸੀ ਮਾਹਰਾਂ ਦੇ ਮੁਤਾਬਕ ਡੇਰੇ ਨੇ ਕਦੇ ਵੀ ਆਪਣਾ ਸਿਆਸੀ ਝੁਕਾਅ ਜਨਤਕ ਨਹੀਂ ਕੀਤਾ ਪਰ ਇਹ ਦੋਆਬਾ ਖੇਤਰ ‘ਚ 19 ਸੀਟਾਂ ‘ਤੇ ਪ੍ਰਭਾਵ ਰੱਖਦਾ ਹੈ। ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ ਅਨੁਸੂਚਿਤ ਜਾਤੀ ਦੀ ਆਬਾਦੀ ਲਗਭਗ 45 ਫ਼ੀਸਦੀ ਹੈ, ਜਿਸ ਵਿਚੋਂ 35 ਫ਼ੀਸਦੀ ਪੂਰੀ ਤਰ੍ਹਾਂ ਸਰਗਰਮ ਵੋਟਰ ਹਨ। ਲਿਹਾਜ਼ਾ ਭਾਜਪਾ ਨੂੰ ਇਸ ਦਾ ਸਿੱਧਾ-ਸਿੱਧਾ ਲਾਭ ਵੋਟਾਂ ਦੌਰਾਨ ਮਿਲ ਸਕਦਾ ਹੈ।

