ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਤੜਕੇ ਮਹਾਕੁੰਭ ਦੌਰਾਨ ਹੋਈ ਭਾਜੜ ਦੀ ਘਟਨਾ ਨੂੰ ‘ਬੇਹੱਦ ਦੁਖਦ’ ਕਰਾਰ ਦਿੱਤਾ ਅਤੇ ਲੋਕਾਂ ਦੀ ਮੌਤ ‘ਤੇ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਗੱਲ ਕੀਤੀ ਹੈ ਅਤੇ ਉਹ ਲਗਾਤਾਰ ਸੂਬਾ ਸਰਕਾਰ ਦੇ ਸੰਪਰਕ ‘ਚ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਪ੍ਰਯਾਗਰਾਜ ਮਹਾਕੁੰਭ ‘ਚ ਹੋਇਆ ਹਾਦਸਾ ਬੇਹੱਦ ਦੁਖਦ ਹੈ। ਇਸ ‘ਚ ਜਿਹੜੇ ਸ਼ਰਧਾਲੂਆਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਗੁਆਇਆ ਹੈ, ਉਨ੍ਹਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ। ਇਸ ਦੇ ਨਾਲ ਹੀ ਮੈਂ ਸਾਰੇ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।”
ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਪੀੜਤਾਂ ਦੀ ਹਰ ਸੰਭਵ ਮਦਦ ‘ਚ ਜੁਟਿਆ ਹੋਇਆ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਇਸ ਸਿਲਸਿਲੇ ‘ਚ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਲਗਾਤਾਰ ਸੂਬਾ ਸਰਕਾਰ ਦੇ ਸੰਪਰਕ ‘ਚ ਹਨ। ਮੌਨੀ ਮੱਸਿਆ ‘ਤੇ ਅੰਮ੍ਰਿਤ ਇਸ਼ਨਾਨ ਮਹਾਕੁੰਭ ਦਾ ਸਭ ਤੋਂ ਵੱਧ ਮਹੱਤਵਪੂਰਨ ਆਯੋਜਨ ਹੁੰਦਾ ਹੈ ਅਤੇ ਇਸ ‘ਚ ਕਰੀਬ 10 ਕਰੋੜ ਲੋਕਾਂ ਦੇ ਗੰਗਾ ‘ਚ ਡੁਬਕੀ ਲਗਾਉਣ ਦੀ ਸੰਭਾਵਨਾ ਹੈ। ਇਸ ਸਾਲ 144 ਸਾਲ ਬਾਅਦ ‘ਤ੍ਰਿਵੇਣੀ ਯੋਗ’ ਨਾਮੀ ਇਕ ਦੁਰਲੱਭ ਖਗੋਲੀਯ ਸੰਜੋਗ ਬਣ ਰਿਹਾ ਹੈ, ਜੋ ਇਸ ਦਿਨ ਦੇ ਅਧਿਆਤਮਿਕ ਮਹੱਤਵ ਨੂੰ ਹੋਰ ਵਧਾ ਰਿਹਾ ਹੈ। ਅੱਧੀ ਰਾਤ ਤੋਂ ਬਾਅਦ ਲਗਭਗ 2 ਵਜੇ ਕੁੰਭ ਮੇਲਾ ਖੇਤਰ ‘ਚ ਲਾਊਡਸਪੀਕਰ ਤੋਂ ਗੂੰਜਦੇ ਮੰਤਰਾਂ ਅਤੇ ਸ਼ਲੋਕਾਂ ਦੇ ਲਗਾਤਾਰ ਉਚਾਰਨ ਵਿਚਾਲੇ ਭਾਜੜ ਵਰਗੀ ਸਥਿਤੀ ਪੈਦਾ ਹੋਣ ਤੋਂ ਬਾਅਦ ਸੰਗਮ ਵੱਲ ਦੌੜਦੀ ਐਂਬੂਲੈਂਸ ਅਤੇ ਪੁਲਸ ਵਾਹਨਾਂ ਦੇ ਤੇਜ ਸਾਇਰਨ ਦੀਆਂ ਆਵਾਜ਼ ਗੂੰਜ ਉਠੀਆਂ। ਜ਼ਖ਼ਮੀਆਂ ਨੂੰ ਮੇਲਾ ਖੇਤਰ ‘ਚ ਬਣੇ ਕੇਂਦਰੀ ਹਸਪਤਾਲ ‘ਚ ਲਿਜਾਇਆ ਗਿਆ।