ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ‘ਆਪ’ ਉਮੀਦਵਾਰ ਨਾਲ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਝਾੜੂ ਦਾ ਬਟਨ ਦਬਾ ਕੇ ਚੱਬੇਵਾਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਭਾਜਪਾ ਨੇ ਮੈਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਤਾਂ ਜੋ ਮੈਂ ਪ੍ਰਚਾਰ ਨਾ ਕਰ ਸਕਾਂ। ਉਨ੍ਹਾਂ (ਭਾਜਪਾ) ਨੂੰ ਡਰ ਸੀ ਕਿ ਜੇਕਰ ਕੇਜਰੀਵਾਲ ਬਾਹਰ ਰਿਹਾ ਤਾਂ ਭਾਜਪਾ ਨੂੰ ਦਿੱਲੀ, ਪੰਜਾਬ, ਹਰਿਆਣਾ ਅਤੇ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਨੁਕਸਾਨ ਹੋਵੇਗਾ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇਤਾ ਹੰਕਾਰ ਵਿੱਚ ਡੁੱਬੇ ਹੋਏ ਹਨ। ਕੇਜਰੀਵਾਲ ਨੇ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਵੀ ਭਾਜਪਾ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਲੋਕ (ਭਾਜਪਾ) ਕਹਿੰਦੇ ਹਨ ਕਿ ਮੋਦੀ ਜੀ ਸ਼੍ਰੀ ਰਾਮ ਨੂੰ ਲੈ ਕੇ ਆਏ ਹਨ। ਜ਼ਰਾ ਸੋਚੋ, ਕੀ ਕੋਈ ਮਨੁੱਖ ਰੱਬ ਨੂੰ ਧਰਤੀ ‘ਤੇ ਲਿਆ ਸਕਦਾ ਹੈ? ਸਾਰਾ ਬ੍ਰਹਿਮੰਡ ਰੱਬ ਨੇ ਬਣਾਇਆ ਹੈ, ਪਰ ਭਾਜਪਾ ਵਾਲਿਆਂ ਨੂੰ ਲੱਗ ਰਿਹਾ ਹੈ ਕਿ ਬ੍ਰਹਿਮੰਡ ਮੋਦੀ ਜੀ ਨੇ ਬਣਾਇਆ ਹੈ। ਮੋਦੀ ਜੀ ਖ਼ੁਦ ਵੀ ਕਹਿ ਰਹੇ ਹਨ ਕਿ ਉਹ ਭਗਵਾਨ ਦੇ ਅਵਤਾਰ ਹਨ। ਇਸ ਲਈ ਇਸ ਵਾਰ ਵੋਟ ਰਾਹੀਂ ਉਨ੍ਹਾਂ ਦੇ ਹੰਕਾਰ ਨੂੰ ਖ਼ਤਮ ਕਰ ਦਿਓ।