ਕਜ਼ਾਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਥੇ ਬ੍ਰਿਕਸ ਸੰਮੇਲਨ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਕੀਤੀ, ਜੋ ਮਈ 2020 ਵਿਚ ਪੂਰਬੀ ਲੱਦਾਖ ਸਰਹੱਦੀ ਵਿਵਾਦ ਪੈਦਾ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਿਖਰਲੇ ਪੱਧਰ ‘ਤੇ ਅਜਿਹੀ ਪਹਿਲੀ ਬੈਠਕ ਹੈ। ਇਹ ਗੱਲਬਾਤ ਅਜਿਹੇ ਸਮੇਂ ਵਿਚ ਹੋਈ ਹੈ, ਜਦੋਂ ਇਕ ਦਿਨ ਪਹਿਲਾਂ ਹੀ ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ‘ਤੇ ਆਪਣੀਆਂ ਫੌਜਾਂ ਦੁਆਰਾ ਗਸ਼ਤ ਕਰਨ ਦੇ ਸਮਝੌਤੇ ‘ਤੇ ਸਹਿਮਤੀ ਜਤਾਈ ਸੀ।
ਚਾਰ ਸਾਲ ਤੋਂ ਚੱਲੇ ਆ ਰਹੇ ਡੈੱਡਲਾਕ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਇਸ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਨਵੰਬਰ 2022 ਵਿੱਚ, ਮੋਦੀ ਅਤੇ ਸ਼ੀ ਨੇ ਇੰਡੋਨੇਸ਼ੀਆਈ ਰਾਸ਼ਟਰਪਤੀ ਵੱਲੋਂ ਜੀ-20 ਨੇਤਾਵਾਂ ਲਈ ਆਯੋਜਿਤ ਰਾਤ ਦੇ ਖਾਣੇ ਵਿੱਚ ਇਕ-ਦੂਜੇ ਦਾ ਸਵਾਗਤ ਕੀਤਾ ਅਤੇ ਸੰਖੇਪ ਗੱਲਬਾਤ ਕੀਤੀ ਸੀ। ਪਿਛਲੇ ਸਾਲ ਅਗਸਤ ਵਿੱਚ ਵੀ, ਭਾਰਤੀ ਪ੍ਰਧਾਨ ਮੰਤਰੀ ਅਤੇ ਚੀਨੀ ਰਾਸ਼ਟਰਪਤੀ ਨੇ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਸੰਮੇਲਨ ਦੌਰਾਨ ਜੋਹਾਨਸਬਰਗ ਵਿੱਚ ਇੱਕ ਸੰਖੇਪ ਅਤੇ ਗੈਰ ਰਸਮੀ ਗੱਲਬਾਤ ਕੀਤੀ ਸੀ।