ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਮੁੰਬਈ ਦੇ ਜਿਓ ਵਰਲਡ ਸੈਂਟਰ ਵਿਖੇ ਵਰਲਡ ਆਡੀਓ ਵਿਜੁਅਲ ਐਂਟਰਟੇਨਮੈਂਟ ਸਮਿਟ ਯਾਨੀ ਕਿ ‘ਵੇਵ ਸਮਿਟ’ ਦਾ ਆਗਾਜ਼ ਕੀਤਾ। ਇਹ ਪ੍ਰੋਗਰਾਮ 4 ਦਿਨਾਂ ਤੱਕ ਚੱਲਣ ਵਾਲਾ ਹੈ, ਜਿਸ ਨੂੰ ਖ਼ੁਦ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਵ ਇਕ ਸ਼ਬਦ ਨਹੀਂ, ਲਹਿਰ ਹੈ। ਭਾਰਤੀ ਸਿਨੇਮਾ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਿਆ। ਇਸ ਪ੍ਰੋਗਰਾਮ ਵਿਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਪਹੁੰਚੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਭਰ ਵਿਚ ਭਾਰਤੀ ਸਿਨੇਮਾ ਦੀ ਗੂੰਜ ਹੈ। ਸਾਨੂੰ ਸਾਰਿਆਂ ਦੇ ਮਨ ਨੂੰ ਜਿੱਤਣਾ ਹੈ। ਵਿਕਸਿਤ ਭਾਰਤ ਦੀ ਸਾਡੀ ਯਾਤਰਾ ਹੁਣ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗੀਤ ਸਾਡੇ ਇੱਥੇ ਸਾਧਨਾ ਹੈ। ਭਾਰਤ ਦੇ ਕੋਨੇ-ਕੋਨੇ ਵਿਚ ਟੈਲੇਂਟ ਹੈ। ਸਿਨੇਮਾ ਦੇਸ਼ ਦੀ ਸੰਸਕ੍ਰਿਤੀ ਦੀ ਆਵਾਜ਼ ਹੈ। ਵੇਵਜ਼ ਦਾ ਮਤਲਬ ਲੋਕਾਂ ਨੂੰ ਨਾਲ ਲਿਆਉਣਾ ਹੈ। ਆਉਣ ਵਾਲੇ ਸਮੇਂ ਵਿਚ ਵੇਵਜ਼ ਨੂੰ ਨਵੀਂ ਉੱਚਾਈ ਮਿਲੇਗੀ। ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਦੀ ਹੀ ਵੇਵਜ਼ ਐਵਾਰਡ ਵੀ ਲਾਂਚ ਹੋਵੇਗਾ। ਭਾਰਤ ਬਿਲੀਅਨ ਪਲੱਸ ਆਬਾਦੀ ਦੇ ਨਾਲ-ਨਾਲ ਬਿਲੀਅਨ ਪਲੱਸ ਕਹਾਣੀਆਂ ਦਾ ਵੀ ਦੇਸ਼ ਹੈ।
ਵੇਵ 2025 ਭਾਰਤ ਦੀ ਤਕਨੀਕੀ ਝਲਕ ਹੈ। ਇਸ ਸਮਿੱਟ ਦਾ ਉਦੇਸ਼ ਮੀਡੀਆ ਅਤੇ ਐਂਟਰਟੇਨਮੈਂਟ ਦੀ ਸਮਰੱਥਾ ਨੂੰ ਹੱਲਾਸ਼ੇਰੀ ਦੇਣਾ ਹੈ। ਵੇਵਜ਼ ਸਮਿੱਟ ਦੇਸ਼ ਦਾ ਇਕ ਅਜਿਹਾ ਪਹਿਲਾ ਮਨੋਰੰਜਨ ਸ਼ਿਖਰ ਸੰਮੇਲਨ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਰੀਮ ਪ੍ਰਾਜੈਕਟ ਹੈ।
ਸਮਿੱਟ ਵਿਚ ਅਮਿਤਾਭ ਬੱਚਨ, ਹੇਮਾ ਮਾਲਿਨੀ, ਮਿਥੁਨ ਚੱਕਰਵਰਤੀ, ਆਸ਼ਾ ਭੌਂਸਲੇ, ਸ਼ੇਖਰ ਕਪੂਰ, ਅਨਿਲ ਕਪੂਰ, ਅਨੁਪਮ ਖੇਰ, ਅਕਸ਼ੈ ਕੁਮਾਰ, ਸ਼ਾਹਰੁਖ ਖਾਨ, ਆਮਿਰ ਖਾਨ, ਅਭਿਸ਼ੇਕ ਬੱਚਨ, ਕਰੀਨਾ ਕਪੂਰ, ਨਾਨਾ ਪਾਟੇਕਰ, ਦੀਪਿਕਾ ਪਾਦੁਕੋਣ, ਰਣਬੀਰ ਕਪੂਰ। ਆਲੀਆ ਭੱਟ, ਕੀਰਤੀ ਸੈਨਨ, ਸ਼ਰਧਾ ਕਪੂਰ ਆਦਿ ਤੋਂ ਇਲਾਵਾ ਦੱਖਣ ਤੋਂ ਰਜਨੀਕਾਂਤ, ਚਿਰੰਜੀਵੀ, ਮੋਹਨ ਲਾਲ, ਨਾਗਾਰਜੁਨ, ਐਸਐਸ ਰਾਜਾਮੌਲੀ, ਖੁਸ਼ਬੂ ਅਤੇ ਅੱਲੂ ਅਰਜੁਨ ਵਰਗੇ ਨਾਮ ਹਨ।