ਤਿਆਨਜਿਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਕਿ ਭਾਰਤ ਅਤੇ ਰੂਸ ਹਮੇਸ਼ਾ ਮੁਸ਼ਕਿਲ ਹਾਲਾਤ ਵਿਚ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ ਹਨ। ਪੁਤਿਨ ਨਾਲ ਮੋਦੀ ਦੀ ਮੁਲਾਕਾਤ ਅਜਿਹੇ ਸਮੇਂ ਹੋਈ ਹੈ, ਜਦੋਂ ਭਾਰਤ ਅਤੇ ਅਮਰੀਕਾ ਦੇ ਸਬੰਧ ਪਿਛਲੇ 2 ਦਹਾਕਿਆਂ ਵਿਚ ਸੰਭਾਵਿਤ ਤੌਰ ’ਤੇ ਸਭ ਤੋਂ ਮਾੜੇ ਦੌਰ ’ਚੋਂ ਲੰਘ ਰਹੇ ਹਨ।
ਮੋਦੀ ਅਤੇ ਪੁਤਿਨ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸਾਲਾਨਾ ਸਿਖਰ ਸੰਮੇਲਨ ਤੋਂ ਇਲਾਵਾ ਵੀ ਮੁਲਾਕਾਤ ਕੀਤੀ, ਜਿਸ ਵਿਚ ਆਰਥਿਕ, ਵਿੱਤੀ ਅਤੇ ਊਰਜਾ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਅਧਿਕਾਰਤ ਗੱਲਬਾਤ ਤੋਂ ਪਹਿਲਾਂ ਦੋਵਾਂ ਨੇਤਾਵਾਂ ਨੇ ਐੱਸ. ਸੀ. ਓ. ਸਿਖਰ ਸੰਮੇਲਨ ਵਿਚ ਆਪਣੇ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਇਕੋ ਕਾਰ ਵਿਚ ਇਕੱਠਿਆਂ ਯਾਤਰਾ ਕਰਦੇ ਹੋਏ 40 ਮਿੰਟ ਤੋਂ ਵੱਧ ਸਮੇਂ ਲਈ ਗੈਰ-ਰਸਮੀ ਗੱਲਬਾਤ ਕੀਤੀ।
ਮੋਦੀ ਨੇ ਕਿਹਾ ਕਿ ਭਾਰਤ ਯੂਕ੍ਰੇਨ ਵਿਚ ਸ਼ਾਂਤੀ ਬਹਾਲ ਕਰਨ ਦੇ ਸਾਰੇ ਹਾਲੀਆ ਯਤਨਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦਾ ਸੱਦਾ ਹੈ ਕਿ ਯੂਕ੍ਰੇਨ ਸੰਘਰਸ਼ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ। ਪੁਤਿਨ ਨੇ ਕਿਹਾ ਕਿ ਰੂਸ ਅਤੇ ਭਾਰਤ ਨੇ ਦਹਾਕਿਆਂ ਤੋਂ ‘ਵਿਸ਼ੇਸ਼ ਦੋਸਤਾਨਾ ਅਤੇ ਵਿਸ਼ਵਾਸ-ਆਧਾਰਤ’ ਸਬੰਧ ਬਣਾਈ ਰੱਖੇ ਹਨ ਅਤੇ ਇਹ ਸਬੰਧਾਂ ਦੇ ਭਵਿੱਖ ਦੇ ਵਿਕਾਸ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਭਾਰਤ-ਰੂਸ ਸਬੰਧ ਖੇਤਰੀ ਅਤੇ ਵਿਸ਼ਵਵਿਆਪੀ ਸਥਿਰਤਾ ਦੇ ਥੰਮ੍ਹ ਹਨ।