ਪਟਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੋ ਦਿਨਾਂ ਦੇ ਦੌਰੇ ‘ਤੇ ਬਿਹਾਰ ਪਹੁੰਚਣਗੇ। ਰਾਜ ਵਿਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਦੌਰੇ ਦੌਰਾਨ ਪ੍ਰਧਾਨ ਮੰਤਰੀ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ ਅਤੇ ਨਾਲ ਹੀ ਰਾਜ ਦੇ ਸ਼ਾਹਬਾਦ ਖੇਤਰ ਦੇ ਕਰਾਕਟ ਵਿਖੇ ਰੋਡ ਸ਼ੋਅ ਕਰਨਗੇ ਅਤੇ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਇੱਕ ਅਧਿਕਾਰਤ ਰਿਲੀਜ਼ ਅਨੁਸਾਰ, ਪ੍ਰਧਾਨ ਮੰਤਰੀ ਸ਼ਾਮ ਨੂੰ ਪਟਨਾ ਹਵਾਈ ਅੱਡੇ ‘ਤੇ ਪਹੁੰਚਣਗੇ ਅਤੇ ਉੱਥੇ ਨਵੇਂ ਬਣੇ ਯਾਤਰੀ ਟਰਮੀਨਲ ਦਾ ਉਦਘਾਟਨ ਕਰਨਗੇ। ਇਹ ਟਰਮੀਨਲ ਲਗਭਗ 1,200 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਰਿਲੀਜ਼ ਵਿੱਚ ਕਿਹਾ ਗਿਆ ਕਿ ਉਹ ਬਿਹਟਾ ਹਵਾਈ ਅੱਡੇ ਦੇ ਨਵੇਂ ਸਿਵਲ ਐਨਕਲੇਵ ਦਾ ਨੀਂਹ ਪੱਥਰ ਵੀ ਰੱਖਣਗੇ, ਜੋ ਕਿ 1,410 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਮੋਦੀ ਹਵਾਈ ਅੱਡੇ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਸਥਿਤ ਭਾਜਪਾ ਦੇ ਸੂਬਾ ਦਫ਼ਤਰ ਜਾਣਗੇ। ਇਸ ਤੋਂ ਪਹਿਲਾਂ ਉਹ ਕਈ ਥਾਵਾਂ ‘ਤੇ ਰੁਕਣਗੇ, ਜਿੱਥੇ ਵੱਖ-ਵੱਖ ਸਮਾਜਿਕ ਸੰਗਠਨਾਂ ਨਾਲ ਜੁੜੇ ਲੋਕ ਉਨ੍ਹਾਂ ਦਾ ਸਵਾਗਤ ਕਰਨਗੇ। ਭਾਜਪਾ ਦੀ ਬਿਹਾਰ ਇਕਾਈ ਦੇ ਪ੍ਰਧਾਨ ਦਿਲੀਪ ਜੈਸਵਾਲ ਨੇ ਕਿਹਾ, “ਰਾਜ ਦੀ ਰਾਜਧਾਨੀ ਪਹੁੰਚਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਪਾਰਟੀ ਦੇ ਸੂਬਾਈ ਦਫ਼ਤਰ ਦਾ ਦੌਰਾ ਕਰਨਗੇ। ਇਹ ਲਗਭਗ ਇੱਕ ਸਾਲ ਵਿੱਚ ਭਾਜਪਾ ਦਫ਼ਤਰ ਦਾ ਉਨ੍ਹਾਂ ਦਾ ਦੂਜਾ ਦੌਰਾ ਹੋਵੇਗਾ। ਉਹ ਪਹਿਲਾਂ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੱਥੇ ਆਏ ਸਨ।”
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਨਾ ਵਿੱਚ ਇੱਕ ਰੋਡ ਸ਼ੋਅ ਕਰਨ ਵਾਲੇ ਹਨ, ਜਿਸ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਹਨ। PM ਮੋਦੀ ਦੇ ਰੋਡ ਸ਼ੋਅ ਤੋਂ ਪਹਿਲਾਂ ਪਟਨਾ ਦੀਆਂ ਗਲੀਆਂ ਨੂੰ ਆਪ੍ਰੇਸ਼ਨ ਸਿੰਦੂਰ ਦੇ ਰੰਗਾਂ ਵਿੱਚ ਰੰਗ ਦਿੱਤਾ ਗਿਆ ਹੈ। ਪਟਨਾ ਹਵਾਈ ਅੱਡੇ ਤੋਂ ਲੈ ਕੇ ਬਿਹਾਰ ਭਾਜਪਾ ਦੇ ਦਫ਼ਤਰ ਤੱਕ, ਵੱਖ-ਵੱਖ ਥਾਵਾਂ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਡੇ ਕੱਟਆਊਟ ਲਗਾਏ ਗਏ ਹਨ।